jdoN pfT vI Tyky qy ho jfx PDF Print E-mail
ipR:srvx isMG   
Sunday, 17 January 2010

jdoN pfT vI Tyky qy ho jfx

ਪਹਿਲਾਂ ਫੀਮ ਸ਼ਰਾਬ ਦੇ ਠੇਕੇ ਸੁਣਦੇ ਸਾਂ। ਇਹ ਬਦਨਾਮੀ ਦਾ ਘਰ ਸਨ। ਭਲੇਮਾਣਸ ਨਾ ਠੇਕੇ ਜਾਂਦੇ ਸਨ ਨਾ ਠਾਣੇ। ਫਿਰ ਪੁਲ ਤੇ ਸੜਕਾਂ ਬਣਾਉਣ ਦੇ ਠੇਕੇ ਹੋਣ ਲੱਗੇ ਜਿਨ੍ਹਾਂ ‘ਚੋਂ ਠੇਕੇਦਾਰਾਂ ਨੇ ਅੰਨ੍ਹੀਆਂ ਕਮਾਈਆਂ ਕੀਤੀਆਂ। ਇਮਾਰਤਾਂ ਉਸਾਰਨ ਦੇ ਵੀ ਠੇਕੇ ਚੱਲ ਪਏ। ਠੇਕੇਦਾਰ ਨੂੰ ਮਾਲ ਦਿਓ ਤੇ ਕੋਠੀ ਬਣਵਾਓ। ਸੀਰੀ-ਸਾਂਝੀ ਵੀ ਹਿੱਸੇ ‘ਤੇ ਰੱਖਣ ਦੀ ਥਾਂ ਠੇਕੇ ‘ਤੇ ਰੱਖੇ ਜਾਣ ਲੱਗੇ। ਖੇਤਾਂ ਦਾ ਕੰਮ ਦਿਹਾੜੀਆਂ ਦੀ ਥਾਂ ਠੇਕੇ ‘ਤੇ ਹੋਣਾ ਸ਼ੁਰੂ ਹੋ ਗਿਆ ਅਤੇ ਖੇਤ ਵਟਾਈ-ਭਾਉਲੀ ਦੀ ਥਾਂ ਠੇਕੇ ਉਤੇ ਚੜ੍ਹਨ ਲੱਗੇ। ਵੇਖਦੇ ਵੇਖਦੇ ਨੌਕਰੀਆਂ ਵੀ ਠੇਕੇ ਦੀਆਂ ਹੋ ਗਈਆਂ।
ਕੰਮਾਂ-ਕਾਰਾਂ ਦਾ ਠੇਕੇ ‘ਤੇ ਹੋ ਜਾਣਾ ਤਾਂ ਸਮਝ ਆਉਂਦਾ ਹੈ ਪਰ ਪਾਠ ਵੀ ਠੇਕੇ ‘ਤੇ ਕਰਾਏ ਜਾਣ ਦੀ ਕੀ ਮਜਬੂਰੀ ਹੈ? ਕੈਸਾ ਕਲਯੁਗ ਆ ਗਿਐ ਕਿ ਪੈਸੇ ਦਿਓ ਤੇ ਪਾਠ ਆਪਣੇ ਨਾਂ ਚੜ੍ਹਾਓ! ਜਾਂ ਠੇਕੇਦਾਰ ਨਾਲ ਉੱਕਾ ਪੁੱਕਾ ਠੇਕਾ ਕਰ ਲਓ। ਭਾਅ ਮੁਕਾਓ-ਵਿਚੇ ਪਾਠੀ, ਵਿਚੇ ਰਾਗੀ, ਵਿਚੇ ਕੜਾਹ ਪ੍ਰਸ਼ਾਦ ਤੇ ਵਿਚੇ ਖਾਣ ਪੀਣ। ਕਿਤੇ ਕਿਤੇ ਗਾਉਣ ਵਾਲਾ ਵੀ ਵਿਚੇ ਕਰ ਲਿਆ ਜਾਂਦਾ ਹੈ। ਬਥੇਰੇ ਪਰਵਾਸੀ ਦੇਸ਼ ਜਾ ਕੇ ਇਹੋ ਕੁਝ ਕਰਦੇ ਹਨ। ਨਾ ਪਾਠ ਕਰਨ ਦੀ ਲੋੜ, ਨਾ ਸੁਣਨ ਦੀ ਤੇ ਨਾ ਸਮਝਣ ਦੀ। ਅਮਲ ਫੇਰ ਕਿਹੜੇ ਪਾਠ ਉਤੇ ਕਰਨਾ ਸੀ?
ਅਮਲ ਤਾਂ ਸਿਰਫ਼ ਭੇਟਾ ਦੇਣ ਤੇ ਸਬੂਤ ਵਜੋਂ ਰਜਿਸਟਰ ਉਤੇ ਨਾਂ ਲਿਖਣ ਤੇ ਰਸੀਦ ਪ੍ਰਾਪਤ ਕਰਨ ਦਾ ਹੀ ਰਹਿ ਗਿਆ। ਗੁਰਬਾਣੀ ਪ੍ਰਤੀ ਅਜਿਹੀ ਸ਼ਰਧਾ ਨੂੰ ਕੀ ਕਿਹਾ ਜਾਵੇ? ਸੱਚੀ ਸ਼ਰਧਾ ਜਾਂ ਕੂੜ ਵਿਖਾਵਾ? ਜਾਂ ਨਿਰ੍ਹਾ ਪਖੰਡ? ਗੁਰਬਾਣੀ ਦਾ ਸ਼ਬਦ ‘ਛੋਡੀਲੇ ਪਾਖੰਡਾ’ ਕਿਨ੍ਹਾਂ ਲਈ ਹੈ?
ਕੋਈ ਮਨਮਤੀਆ ਨਾ ਸਮਝ ਬੈਠੇ ਇਸ ਲਈ ਪਹਿਲਾਂ ਘਰ ਦੀ ਗੱਲ ਦੱਸ ਦਿਆਂ। ਸਾਡੇ ਬਾਬਾ ਜੀ ਅਕਾਲੀ ਸਨ ਤੇ ਜੈਤੋ ਦੇ ਮੋਰਚੇ ਵਿਚ ਗਏ ਸਨ। ਉਹ ਗੁਰੂ ਗ੍ਰੰਥ ਸਾਹਿਬ ਦੇ ਪਾਠੀ ਸਨ। ਜੇਕਰ ਉਨ੍ਹਾਂ ਨੂੰ ਕੋਈ ਪਾਠ ਕਰਨ ਲਈ ਸੱਦਦਾ ਤਾਂ ਉਹ ਆਪਣੇ ਖੇਤੀਬਾੜੀ ਦੇ ਕੰਮ ‘ਚੋਂ ਸਮਾਂ ਕੱਢ ਕੇ ਸੱਚੀ ਸ਼ਰਧਾ ਨਾਲ ਪਾਠ ਕਰਾਉਣ ਵਾਲਿਆਂ ਦੇ ਘਰੀਂ ਪਾਠ ਦੀ ਰੌਲ ਲਾਉਣ ਜਾਂਦੇ। ਉਹ ਪਾਠ ਕਰਾਉਣ ਵਾਲਿਆਂ ਨੂੰ ਖੁਦ ਸੁਣਨ ਲਈ ਪ੍ਰੇਰਦੇ ਤੇ ਅਮਲ ਕਰਨ ਲਈ ਵੀ ਕਹਿੰਦੇ। ਪਾਠ ਬਦਲੇ ਪੈਸੇ ਜਾਂ ਲੀੜੇ ਕੱਪੜੇ ਤਾਂ ਕੀ ਲੈਣੇ ਸਨ ਉਹ ਅਗਲੇ ਦੇ ਘਰੋਂ ਅੰਨ-ਪਾਣੀ ਛਕਣ ਤੋਂ ਵੀ ਗੁਰੇਜ਼ ਕਰਦੇ। ਸ਼ਾਇਦ ਇਸ ਨੂੰ ਉਹ ਗੁਰਬਾਣੀ ਦੇ ਆਸ਼ੇ ਦੇ ਉਲਟ ਸਮਝਦੇ ਹੋਣ। ਉਸ ਸਮੇਂ ਦੇ ਬਹੁਤੇ ਪਾਠੀ ਅਜਿਹੇ ਹੀ ਸਨ।
ਪਿੰਡ ਦੇ ਕਈ ਬੰਦੇ ਹੁਣ ਵੀ ਕਹਿੰਦੇ ਹਨ ਕਿ ਬਾਬਾ ਪਾਲਾ ਸਿੰਘ ਦਾ ਪਰਿਵਾਰ ਉਨ੍ਹਾਂ ਦੀ ਪਾਠ ਕਰਨ ਦੀ ਨਿਸ਼ਕਾਮ ਸੇਵਾ ਦਾ ਫਲ ਲੈ ਰਿਹੈ। ਰੱਬ ਜਾਣੇ ਉਨ੍ਹਾਂ ਦੇ ਕਹਿਣ ‘ਚ ਕਿੰਨਾ ਕੁ ਸੱਚ ਹੋਵੇ, ਪਰ ਏਨਾ ਸੱਚ ਜ਼ਰੂਰ ਹੈ ਕਿ ਉਹ ਪੈਸਿਆਂ ਦੇ ਪਾਠੀ ਨਹੀਂ ਬਣੇ ਤੇ ਅਗਾਂਹ ਆਪਣੀ ਉਲਾਦ ਨੂੰ ਵੀ ਸਿੱਖ ਮੱਤ ਦੇ ਗਏ। ਉਸੇ ਸਿੱਖਿਆ ਦੀ ਦੇਣ ਹੈ ਕਿ ਪਾਠਾਂ ਦੀ ਦਿਨੋ ਦਿਨ ਵਧ ਫੁੱਲ ਰਹੀ ਠੇਕੇ ਦੀ ਕੁਰੀਤੀ ਤੋਂ ਆਮ ਸਿੱਖਾਂ ਨੂੰ ਸੁਚੇਤ ਕਰਨ ਲਈ ਇਹ ਲੇਖ ਲਿਖ ਰਿਹਾਂ।
ਸਤਿਕਾਰਯੋਗ ਸਿੰਘ ਸਾਹਿਬਾਨ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਨਿਮਰ ਬੇਨਤੀ ਹੈ ਕਿ ਉਹ ਮਿਥੀ ਮਾਇਆ ਭੇਟਾ ਕਰਨ ਵਾਲੇ ਪਰ ਆਪ ਗ਼ੈਰ ਹਾਜ਼ਰ ਰਹਿ ਕੇ ਚੈਕ ਦੇ ਸਿਰ ‘ਤੇ ਪਾਠ ਕਰਾਉਣ ਵਾਲਿਆਂ ਨੂੰ ਸਹੀ ਸੇਧ ਦੇਣ। ਕੀ ਅਜਿਹੇ ਪਾਠ ਉਚਿਤ ਹਨ? ਜਿਹੜਾ ਵਿਅਕਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਹੀ ਨਹੀਂ ਆਉਂਦਾ, ਨਾ ਪਾਠ ਕਰਦਾ ਹੈ, ਨਾ ਸੁਣਦਾ ਹੈ, ਇਥੋਂ ਤੱਕ ਕਿ ਆਪ ਕਿਸੇ ਬਾਰ ‘ਚ ਬੈਠਾ ਜਾਂ ਬਦਨਾਮ ਥਾਂ ਰੰਗਰਲੀਆਂ ਮਨਾ ਰਿਹਾ ਹੁੰਦੈ, ਉਹਦੀ ਫਿਰ ਪਾਠ ਕਰਵਾਉਣ ਯਾਨਿ ਖਰੀਦਣ ਦੀ ਸ਼ਰਧਾ ਨੂੰ ਕੀ ਕਿਹਾ ਜਾਵੇ? ਸਿੱਖੀ ਦਾ ਕਿਹੋ ਜਿਹਾ ਸ਼ਰਧਾਲੂ ਹੈ ਉਹ?
ਸਿੱਖੀ ਨੂੰ ਬਾਹਰਲੇ ਹਮਲਿਆਂ ਦਾ ਉਨਾ ਡਰ ਨਹੀਂ ਜਿੰਨਾ ਅੰਦਰੋਂ ਲੱਗ ਰਹੇ ਖੋਰੇ ਦਾ ਖਤਰਾ ਹੈ। ਆਪਣਾ ਘਰ ਠੀਕ ਠਾਕ ਹੋਵੇ ਤਾਂ ਬਾਹਰਲੇ ਕੁਝ ਨਹੀਂ ਵਿਗਾੜ ਸਕਦੇ। ਸੱਚੀ ਗੱਲ ਤਾਂ ਇਹ ਹੈ ਕਿ ਸਿੱਖਾਂ ਦੀ ਬਹੁਗਿਣਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰ ਕੇ ਸਿੱਖਿਆ ਤਾਂ ਕੀ ਹਾਸਲ ਕਰਨੀ ਸੀ ਉਲਟਾ ਪਾਠ ਕਰਨਾ ਵੀ ਪਖੰਡ ਬਣਾ ਛੱਡਿਆ ਹੈ। ਬਹੁਤ ਸਾਰੇ ਗੁਰੂ ਘਰਾਂ ਤੇ ਡੇਰਿਆਂ ਵਿਚ ਇਕੱਲੇ ਪਾਠੀ ਪਾਠ ਕਰੀ ਜਾਂਦੇ ਰਹਿੰਦੇ ਹਨ ਜਿਸ ਨਾਲ ਪਾਠ ਜਮ੍ਹਾਂ ਹੋਈ ਜਾਂਦੇ ਹਨ। ਕਈ ਥਾਈਂ ਤਾਂ ਵੀਹ-ਵੀਹ ਪੰਜਾਹ-ਪੰਜਾਹ ਪਾਠ ‘ਕੱਠੇ ਵਿੱਢ ਲਏ ਜਾਂਦੇ ਹਨ। ਇਕੋਤਰੀਆਂ ਖੁਲ੍ਹਵਾ ਦਿੱਤੀਆਂ ਜਾਂਦੀਆਂ ਹਨ। ਜਮ੍ਹਾਂ ਹੋਏ ਪਾਠ ਫਿਰ ਸ਼ਰਧਾਲੂਆਂ ਤੋਂ ਭੇਟਾ ਲੈ ਕੇ ਅਰਦਾਸ ਰਾਹੀਂ ਉਨ੍ਹਾਂ ਦੇ ਨਾਂ ਚਾੜ੍ਹ ਦਿੱਤੇ ਜਾਂਦੇ ਹਨ। ਵੱਡੇ ਗੁਰਦਵਾਰਿਆਂ ਵਿਚ ਇਸ ਦੀ ਭੇਟਾ ਵੱਧ ਹੈ ਤੇ ਪਿੰਡਾਂ ਦੇ ਛੋਟੇ ਗੁਰਦਵਾਰਿਆਂ ਵਿਚ ਘੱਟ ਜਦ ਕਿ ਪਾਠ ਉਸੇ ਗੁਰੂ ਗ੍ਰੰਥ ਸਾਹਿਬ ਦੇ ਹਨ। ਕੀ ਇਹ ਪਾਠਾਂ ਦਾ ਵਪਾਰੀਕਰਨ ਨਹੀਂ?
ਪਿੱਛੇ ਜਿਹੇ ਮੈਂ ਆਪਣੇ ਪਿੰਡ ਗੁਰਦਵਾਰੇ ਦੇ ਲਾਊਡ ਸਪੀਕਰ ਤੋਂ ਬੇਨਤੀ ਸੁਣੀ ਕਿ ਕਮੇਟੀ ਨੇ ਗੁਰਮਤਾ ਕੀਤਾ ਹੈ ਬਈ ਜਿਸ ਮਾਈ ਭਾਈ ਨੇ ਵਿਸਾਖੀ ਤੋਂ ਪਹਿਲਾਂ ਅਖੰਡ ਪਾਠ ਕਰਾਉਣਾ ਉਹਦੀ ਭੇਟਾ ਪੰਜ ਹਜ਼ਾਰ ਦਮੜੇ ਹੈ। ਵਿਸਾਖੀ ਤੋਂ ਪਿੱਛੋਂ ਭੇਟਾ ਦਸ ਹਜ਼ਾਰ ਦਮੜੇ ਹੋ ਜਾਵੇਗੀ। ਸੇਲ ਹੋਰ ਕਿਸ ਨੂੰ ਕਹਿੰਦੇ ਹਨ?
ਸਿੱਖਾਂ ਦਾ ਸਭ ਤੋਂ ਵੱਡਾ ਮਸਲਾ ‘ਅਸਿੱਖ’ ਹੋਣ ਦਾ ਹੈ ਤੇ ਪੰਜਾਬ ਦਾ ਮਸਲਾ ਪੰਜਾਬੀ ਹੁੰਦੇ ਹੋਏ ‘ਗੈ਼ਰ-ਪੰਜਾਬੀ’ ਹੋ ਜਾਣ ਦਾ। ਜੇ ਸਿੱਖ ਸੱਚੀਂ-ਮੁੱਚੀਂ ਸਿੱਖ ਬਣ ਜਾਣ ਤੇ ਪੰਜਾਬੀ ਸੱਚੀਂ-ਮੁੱਚੀਂ ਦੇ ਪੰਜਾਬੀ ਤਾਂ ਸਾਰੇ ਮਸਲੇ ਹੀ ਹੱਲ ਹੋ ਜਾਣ। ਫਿਰ ਪੰਜਾਬੀਆਂ ਦੀ ਖਾਨਾਜੰਗੀ ਵੀ ਬੰਦ ਹੋ ਜਾਵੇ ਤੇ ਪੰਜਾਬੀ ਵੀ ਸਹੀ ਅਰਥਾਂ ਵਿਚ ਪੰਜਾਬ ਦੀ ਰਾਜ ਭਾਸ਼ਾ ਬਣ ਜਾਵੇ।
ਸਿੱਖਾਂ ਦੇ ਧਰਮ ਨੂੰ ਆਧੁਨਿਕ ਧਰਮ ਕਿਹਾ ਜਾਂਦਾ ਹੈ। ਆਧੁਨਿਕਤਾ ਨੂੰ ਕਿਸੇ ਹੱਦ ਤੱਕ ਤਰਕ ਤੇ ਵਿਗਿਆਨ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਸਿੱਖ ਧਰਮ ਵਿਚ ਫਜ਼ੂਲ ਦੀਆਂ ਮਿਥਿਹਾਸਕ ਕਥਾ ਕਹਾਣੀਆਂ ਤੇ ਕਰਾਮਾਤਾਂ ਦੀ ਕੋਈ ਥਾਂ ਨਹੀਂ ਪਰ ਗੁਰੂ ਘਰਾਂ ਵਿਚ ਬਹੁਤ ਸਾਰੇ ਗ੍ਰੰਥੀ, ਰਾਗੀ ਤੇ ਢਾਡੀ ਅਜਿਹੀਆਂ ਬੇਸਿਰਪੈਰ ਸਾਖੀਆਂ ਸੁਣਾਈ ਜਾਂਦੇ ਹਨ ਕਿ ਸਮਝਦਾਰ ਸਿੱਖਾਂ ਨੂੰ ਸੁਣ ਕੇ ਸ਼ਰਮ ਆਉਂਦੀ ਹੈ। ਕਸੂਰ ਉਨ੍ਹਾਂ ਵਿਚਾਰਿਆਂ ਦਾ ਵੀ ਕੋਈ ਨਹੀਂ। ਅਸੀਂ ਇਹ ਡਿਊਟੀ ਆਮ ਕਰਕੇ ਸੌਂਪਦੇ ਹੀ ਉਨ੍ਹਾਂ ਨੂੰ ਹਾਂ ਜਿਹੜੇ ਹਰ ਥਾਂ ਫੇਲ੍ਹ ਹੋਏ ਹੁੰਦੇ ਹਨ। ਮਿਸਾਲਾਂ ਬਥੇਰੀਆਂ ਹਨ ਪਰ ਇਥੇ ਅੱਖੀਂ ਡਿਠੀ ਇਕ ਹੀ ਕਾਫੀ ਹੋਵੇਗੀ।
ਸਾਡੀ ਜਮਾਤ ‘ਚ ਇਕ ਬੜਾ ਅਵੈੜਾ ਮੁੰਡਾ ਪੜ੍ਹਦਾ ਸੀ। ਉਹ ਪੂਰਾ ਉਲੱਥ ਸੀ ਤੇ ਕਿਸੇ ਨਾ ਕਿਸੇ ਨਾਲ ਸਿੰਗ ਫਸਾਈ ਹੀ ਰੱਖਦਾ ਸੀ। ਉਹ ਰਿਆਇਤੀ ਪਾਸ ਹੁੰਦਾ ਹੁੰਦਾ ਸੱਤਵੀਂ ‘ਚ ਪੱਕੀਆਂ ਹੀ ਬਰੇਕਾਂ ਲਾ ਕੇ ਬਹਿ ਗਿਆ। ਜਦੋਂ ਉਹ ਮੁੜ ਮੁੜ ਫੇਲ੍ਹ ਹੋਈ ਗਿਆ ਤਾਂ ਘਰਦਿਆਂ ਨੇ ਉਹਨੂੰ ਸਕੂਲੋਂ ਹਟਾ ਕੇ ਤੇ ਡੰਗਰਾਂ ਮਗਰ ਲਾ ਲਿਆ। ਡੰਗਰਾਂ ਮਗਰ ਕਾਹਦਾ ਲੱਗਾ ਕਿ ਦੂਜੇ ਚੌਥੇ ਦਿਨ ਇਕ ਅੱਧਾ ਪਸ਼ੂ ਗੁਆ ਆਵੇ ਤੇ ਉਲਾਂਭੇ ਵੱਖਰੇ ਲਿਆਵੇ। ਹਲ ਮਗਰ ਲਾਇਆ ਤਾਂ ਬਲਦ ਫਾਲ ਦਿੱਤਾ। ਨਾ ਉਹ ਪੱਠੇ ਵੱਢੇ, ਨਾ ਡੰਗਰਾਂ ਨੂੰ ਪਾਵੇ। ਘਰਦਿਆਂ ਨੇ ਹਾਰ ਕੇ ਉਹਨੂੰ ਕਲਕੱਤੇ ਟਰੱਕ ‘ਤੇ ਚੜ੍ਹਾ ਦਿੱਤਾ। ਉਥੇ ਵੀ ਉਸ ਨੇ ਕੋਈ ਭਲੀ ਨਾ ਗੁਜ਼ਾਰੀ। ਪਹਿਲਾਂ ਕਿਸੇ ਨੂੰ ਕੁੱਟ ਕੇ ਤੇ ਪਿੱਛੋਂ ਲੱਤ ਤੁੜਵਾ ਕੇ ਡੁੱਡ ਮਾਰਦਾ ਘਰ ਪਰਤਿਆ। ਡੁੱਡ ਮਾਰਦੇ ਨੂੰ ਫਿਰ ਸਾਕ ਕੀਹਨੇ ਕਰਨਾ ਸੀ?
ਥਾਂ ਪੁਰ ਥਾਂ ਟੱਕਰਾਂ ਮਾਰਨ ਪਿੱਛੋਂ ਜਦੋਂ ਉਹ ਕਿਤੇ ਵੀ ਸੈੱਟ ਨਾ ਹੋਇਆ ਤਾਂ ਘਰਾਂ ਦੇ ‘ਸਿਆਣੇ’ ਬੰਦਿਆਂ ਨੇ ਸਲਾਹ ਦਿੱਤੀ ਕਿ ਇਹਨੂੰ ਕਿਸੇ ਗੁਰਦਵਾਰੇ ਬਿਠਾ ਦਿਓ। ਆਪੇ ਪਾਠ-ਪੂਠ ਕਰਨਾ ਸਿੱਖ ਜੂ ਤੇ ਭੁੱਖਾ ਨਾ ਮਰੂ।
ਪਿੱਛੇ ਜਿਹੇ ਉਹ ਮਰ ਗਿਆ ਪਰ ਭੁੱਖਾ ਨਹੀਂ ਮਰਿਆ। ਮਰਿਆ ਉਹ ਰੱਜ ਕੇ ਸੁੱਖਾ ਪੀਣ ਤੇ ਤਿੰਨ ਮੇਲ ਦਾ ਲੋੜੋਂ ਵੱਧ ਕੜਾਹ ਪਰਸ਼ਾਦ ਖਾਣ ਨਾਲ। ਹੁਣ ਜਦੋਂ ਉਹ ਮਰ ਹੀ ਗਿਆ ਹੈ ਤਾਂ ਉਹਦੇ ਐਬ ਗਿਣਨੇ ਸ਼ੋਭਾ ਨਹੀਂ ਦਿੰਦੇ। ਨਾਲੇ ਐਬ ਕਿਹੜਾ ਇਕ ਸੀ?
ਉਨੀ-ਇੱਕੀ ਦੇ ਫਰਕ ਨਾਲ ਕੁਝ ਇਸੇ ਤਰ੍ਹਾਂ ਦਾ ਹਿਸਾਬ-ਕਿਤਾਬ ਹੈ ਧੱਕੇ ਧਕਾਏ ਤੇ ਮਜਬੂਰੀ ਵੱਸ ਬਣੇ ਪਾਠੀਆਂ ਤੇ ਸੇਵਾਦਾਰਾਂ ਦਾ। ਇਨ੍ਹਾਂ ‘ਚੋਂ ਈ ਕਈ ‘ਬਾਬੇ’ ਬਣ ਬਹਿੰਦੇ ਨੇ। ਸਿੱਖ ਸਮਾਜ ਆਪਣੇ ਹੋਣਹਾਰ ਬੱਚਿਆਂ ਨੂੰ ਤਾਂ ਉੱਤਮ ਪੜ੍ਹਾਈ ਸਿਖਲਾਈ ਕਰਵਾ ਕੇ ਧਨ ਉਪਜਾਊ ਧੰਦਿਆਂ ਵਿਚ ਪਾ ਰਿਹੈ ਤੇ ਰਹਿੰਦ-ਖੂੰਹਦ ਨੂੰ ਸਿੱਖੀ ਦਾ ਪ੍ਰਚਾਰ ਸੰਭਾਲੀ ਜਾ ਰਿਹੈ। ਉਨ੍ਹਾਂ ਦਾ ਵਾਜਾ ਤੇ ਢੋਲਕੀ-ਛੈਣੇ ਤਾਂ ਫੇਰ ਉਹੋ ਜਿਹੇ ਹੀ ਵੱਜਣੇ ਹੋਏ ਜਿਹੋ ਜਿਹੀ ਉਨ੍ਹਾਂ ਦੀ ਵਿੱਦਿਆ ਹੈ। ਕਹਾਵਤ ਹੈ ਕਿ ਜਿੰਨਾ ਗੁੜ ਪਾਈਏ ਉਨਾ ਹੀ ਮਿੱਠਾ ਹੁੰਦਾ। ਸਿੱਖ ਮਿਸ਼ਨਰੀ ਅਥਵਾ ਰਾਗੀ, ਢਾਡੀ ਤੇ ਗ੍ਰੰਥੀ ਜਿੰਨੇ ਵੱਧ ਗਿਆਨਵਾਨ ਹੋਣਗੇ ਸਿੱਖੀ ਦਾ ਉਨਾ ਹੀ ਵਧੀਆ ਪ੍ਰਚਾਰ ਹੋਵੇਗਾ। ਜਿੰਨੇ ਅਗਿਆਨੀ ਹੋਣਗੇ ਉਨਾ ਹੀ ਅਗਿਆਨ ਫੈਲਾਉਣਗੇ।
ਇੱਕੀਵੀਂ ਸਦੀ ਚੜ੍ਹ ਚੁੱਕੀ ਹੈ। ਗਿਆਨ ਤੇ ਵਿਗਿਆਨ ਦੀ ਹੋਣੀਆਂ ਭਰਪੂਰ ਸਦੀ। ਧਰਮਾਂ ਦਾ ਅਧਿਐਨ ਸਾਇੰਟੇਫਿਕ ਨਜ਼ਰੀਏ ਤੋਂ ਹੋਣ ਜਾ ਰਿਹੈ। ਅਜਿਹਾ ਨਜ਼ਰੀਆ ਸਿੱਖ ਧਰਮ ਨੂੰ ਸਭ ਤੋਂ ਸੂਤ ਬੈਠਣਾ ਹੈ। ਸਿੱਖੀ ਦਾ ਸੋਮਾ ਲਿਖਤੀ ਰੂਪ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਸ ਵਿਚ ਛੇ ਗੁਰੂ ਸਾਹਿਬਾਨ ਸਮੇਤ ਛੱਤੀ ਕਵੀਆਂ ਦੀ ਬਾਣੀ ਦਰਜ ਹੈ। ਇਨ੍ਹਾਂ ਵਿਚ ਸੰਤ, ਭਗਤ, ਸੂਫੀ ਤੇ ਭੱਟ ਸ਼ਾਮਲ ਹਨ ਤੇ ਹਨ ਵੀ ਅੱਡ-ਅੱਡ ਇਲਾਕਿਆਂ ਅਤੇ ਭਾਸ਼ਾਵਾਂ ਦੇ। ਆਦਿ ਗ੍ਰੰਥ ਦੀ ਭਾਸ਼ਾ ਪੁਰਾਤਨ ਪੰਜਾਬੀ ਅਥਵਾ ਸੰਤ ਭਾਸ਼ਾ ਵਾਲੀ ਹਿੰਦਵੀ ਹੈ। ਲਿਪੀ ਗੁਰਮੁਖੀ ਹੈ। ਰਾਗਾਂ ਵਿਚ ਰਚੀ ਕਵਿਤਾ ਹੋਣ ਕਾਰਨ ਸਾਜ਼ਾਂ ਨਾਲ ਗਾਈ ਜਾ ਸਕਦੀ ਹੈ। ਇਸ ਦੇ ਕੀਰਤਨ ਦਾ ਬੜਾ ਪ੍ਰਭਾਵ ਪੈਂਦਾ ਹੈ ਤੇ ਇਸ ਦੇ ਵੱਡੇ ਆਕਾਰ ਵਾਲੇ ਚੌਦਾਂ ਸੌ ਤੋਂ ਵੱਧ ਪੰਨੇ ਹਨ।
ਇਕ ਔਕੜ ਜਿਸ ਬਾਰੇ ਵਿਦਵਾਨਾਂ ਨੇ ਅਜੇ ਤਕ ਖੁੱਲ੍ਹ ਕੇ ਵਿਚਾਰ ਨਹੀਂ ਪ੍ਰਗਟਾਏ, ਉਹ ਇਹ ਹੈ ਕਿ ਆਦਿ ਗ੍ਰੰਥ ਦੀ ਭਾਸ਼ਾ ਨੂੰ ਆਮ ਪਾਠਕ ਤੇ ਸਰੋਤੇ ਪੂਰੀ ਤਰ੍ਹਾਂ ਸਮਝ ਨਹੀਂ ਰਹੇ। ਨਿਰੰਤਰ ਯਾਨਿ ਅਖੰਡ ਪਾਠ ਕਰੀ ਜਾਣ ਨਾਲ ਤਾਂ ਬਹੁਤ ਹੀ ਘੱਟ ਸਮਝ ਪੈਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਆਦਿ ਗ੍ਰੰਥ ਨੂੰ ਸਰਲ ਢੰਗ ਨਾਲ ਸਮਝਾਉਣ ਦੀ ਕੋਈ ਪਾਠ ਵਿਧੀ ਅਪਨਾਈ ਜਾਵੇ। ਇਹ ਵਿਧੀ ਸਹਿਜ ਨਾਲ ਪਾਠ ਕਰਨ ਤੇ ਨਾਲੋ ਨਾਲ ਸਤਰਾਂ ਜਾਂ ਸ਼ਬਦਾਂ ਦੀ ਵਿਆਖਿਆ ਕਰਨ ਵਾਲੀ ਹੋ ਸਕਦੀ ਹੈ। ਜਿਥੇ ਕਿਤੇ ਅਜਿਹਾ ਕੀਤਾ ਜਾ ਰਿਹੈ ਉਹ ਸਲਾਹੁਣਯੋਗ ਹੈ। ਪਾਠ ਕਰਨ ਦਾ ਮੁੱਖ ਮੰਤਵ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣਾ, ਮਨ ਵਿਚ ਵਸਾਉਣਾ ਤੇ ਉਹਦੇ ‘ਤੇ ਅਮਲ ਕਰਨਾ ਹੈ। ਜੇਕਰ ਬਾਣੀ ਦੀ ਸਮਝ ਹੀ ਨਹੀਂ ਆਵੇਗੀ ਤਾਂ ਅਮਲ ਕਾਹਦੇ ਉਤੇ ਹੋਵੇਗਾ? ਤੇ ਅਮਲਾਂ ਬਾਝ ਨਿਬੇੜਾ ਕਿਵੇਂ ਹੋਵੇਗਾ?
ਹੁਣ ਸਿੰਘਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਉਤੇ ਨਹੀਂ ਹਨ। ਕੋਈ ਉਨ੍ਹਾਂ ਦੇ ਮਗਰ ਨਹੀਂ ਪਿਆ ਹੋਇਆ ਕਿ ਕਾਹਲੀ ਕਾਹਲੀ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਬੰਨੇ ਲਾਇਆ ਜਾਵੇ। ਹੁਣ ਤਾਂ ਉਂਜ ਵੀ ਕਾਫੀ ਲੋਕ ਪੜ੍ਹ ਲਿਖ ਗਏ ਹਨ। ਬਹੁਤ ਚੰਗਾ ਹੋਵੇ ਜੇਕਰ ਪੜ੍ਹੇ-ਲਿਖੇ ਵਿਅਕਤੀ ਖ਼ੁਦ ਪਾਠ ਕਰਨ ਅਤੇ ਸ਼ਬਦਾਰਥ ਦੀ ਸਹਾਇਤਾ ਨਾਲ ਸਮਝਣ ਤੇ ਸਮਝਾਉਣ ਦੀ ਕੋਸਿ਼ਸ਼ ਕਰਨ। ਇੰਜ ਕਰਨ ਨਾਲ ਗੁਰਬਾਣੀ ਦਾ ਵਧੇਰੇ ਪਸਾਰਾ ਹੋਵੇਗਾ। ਧੁੰਧ ਮਿਟੇਗੀ, ਚਾਨਣੁ ਹੋਵੇਗਾ। ਕੰਧਾਂ ਨੂੰ ਪਾਠ ਸੁਣਾ ਕੇ ਪਾਠਾਂ ਦੀ ਗਿਣਤੀ ਜੋੜੀ ਜਾਣੀ ਤੇ ਮਾਇਆ ਲੈ ਕੇ ਪਾਠ ਵੇਚੀ ਜਾਣੇ ਗੁਰਬਾਣੀ ਦਾ ਮਾਨਵੀਕਰਨ ਨਹੀਂ ਉਲਟਾ ਵਪਾਰੀਕਰਨ ਹੈ।
ਗੁਰਬਾਣੀ ਵਿਚ ਮਾਇਆ ਬਾਰੇ ਬਹੁਤ ਕੁਝ ਲਿਖਿਆ ਹੋਇਆ ਹੈ। ਇਹ ਪਾਪਾਂ ਬਾਝੋਂ ਇਕੱਠੀ ਨਹੀਂ ਹੁੰਦੀ ਤੇ ਨਾਲ ਵੀ ਨਹੀਂ ਜਾਂਦੀ। ਠੇਕੇ ਦੇ ਪਾਠ ਮਾਇਆ ਦੀ ਦੇਣ ਹਨ। ਜੇਕਰ ਗੁਰੂ ਘਰਾਂ ਦੇ ਪ੍ਰਬੰਧਕਾਂ ਨੇ ਹੀ ਗੁਰਬਾਣੀ ਦਾ ਵਪਾਰ ਕਰਨਾ ਤੇ ਇਹਦੇ ਰਾਹੀਂ ਮਾਇਆ ‘ਕੱਠੀ ਕਰਨੀ ਆਪਣਾ ਧਰਮ ਈਮਾਨ ਬਣਾ ਲਿਆ ਹੈ ਤਾਂ ਅਜਿਹੇ ਧਰਮੀ ਬੰਦਿਆਂ ਨੂੰ ਕੀ ਆਖਿਆ ਜਾਏ? ਸਮਾਂ ਆ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ, ਸੰਪਟ ਪਾਠਾਂ ਤੇ ਇਕੋਤਰੀਆਂ ਬਾਰੇ ਪੁਨਰ ਵਿਚਾਰ ਹੋਵੇ।
Last Updated ( Sunday, 17 January 2010 )
 
< Prev   Next >