|
akfl qKq nMU nf Buwlo iswKo
ਇਸ ਵਿਚ ਗਹਿਰੇ ਰਾਜ ਛੁੱਪੇ ਹੋਏ ਹਨ ਤੁਹਾਡੀ ਹੋਂਦ, ਵਿਲੱਖਣ ਹਸਤੀ ਅਤੇ ਤੁਹਾਡੀ ਅਜ਼ਾਦੀ ਦੇ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਤਿੰਨ ਪੱਖ ਹਨ ਮਨੁੱਖੀ ਜੀਵਨ ਦੀ ਸੁਚੱਜੀ ਜੀਵਨ ਜਾਚ ਦੇ। ਜਿਨ੍ਹਾਂ ਨੂੰ ਖਾਲਸਾ ਪੰਥ ਦੇ ਬਾਨੀਆਂ ਨੇ ਪੂਰੀ ਤਰ੍ਹਾਂ ਵਿਕਸਤ ਕੀਤਾ। ਧਾਰਮਿਕ ਪੱਖ ਨੂੰ ਗੁਰੂ ਸਾਹਿਬ ਨੇ ਸਮਾਜਿਕ ਅਤੇ ਰਾਜਨੀਤਕ ਦੋਹਾਂ ਹੀ ਪਲੜਿਆਂ ‘ਚ ਭਾਰੂ ਰੱਖਿਆ ਪਰ ਧਰਮ ਦੀ ਫਿਲਾਸਫ਼ੀ ਦੀ ਵਿਆਖਿਆ ਕਰਦਿਆਂ ਉਨ੍ਹਾਂ ਨੇ ਸਮਾਜਿਕ ਅਤੇ ਰਾਜਨੀਤਕ ਪੱਖ ਨੂੰ ਕਤਈ ਅੱਖੋਂ ਪਰੋਖੇ ਨਹੀਂ ਹੋਣ ਦਿੱਤਾ। ਜੋ ਜਮੀਨੀ ਪੱਧਰ ਤੇ ਮਨੁੱਖੀ ਜੀਵਨ ਦੇ ਦੋ ਭਾਰੀ ਪਹਿਲੂ ਹਨ। ਕਿਉਂਕਿ ਮਨੁੱਖ ਜਿਨ੍ਹਾਂ ਧਾਰਮਿਕ ਹੋਣ ਦਾ ਵਿਖਾਵਾ ਕਰਦਾ ਹੈ ਉਨ੍ਹਾਂ ਧਾਰਮਿਕ ਹੋਣਾ ਅਮਲੀ ਜੀਵਨ ਵਿਚ ਸੰਭਵ ਨਹੀਂ ਹੈ। ਧਰਮ ਦੇ ਲਿਬਾਸ ਹੇਠ ਪਾਖੰਡ ਦਾ ਬੋਲਬਾਲਾ ਬੇਸ਼ਕ ਪਹਿਲੇ ਤੋਂ ਹੀ ਰਿਹਾ ਹੈ ਪਰ ਅੱਜ ਇਹ ਖਤਰਨਾਕ ਰੁਝਾਨ ਫਿਰ ਸਿਖਰਾਂ ਤੇ ਪੁੱਜ ਗਿਆ ਹੈ। ਧਾਰਮਿਕ ਹੋਣ ਦਾ ਵਿਖਾਵਾ ਕਰਨ ਵਾਲੇ ਲੋਕ ਲੁਕਵੇਂ ਢੰਗ ਨਾਲ ਰਾਜਸੀ ਸ਼ਰਣ ਲੈ ਕੇ ਸਮਾਜਿਕ ਪੱਖ ਨੂੰ ਪੈਰਾਂ ਹੇਠ ਲਤਾੜ ਰਹੇ ਹਨ ਅਤੇ ਰਾਜਨੀਤਕ ਲੋਕ ਅਖੌਤੀ ਧਰਮੀਆਂ ਦੀ ਪੁਸ਼ਤਪਨਾਹੀ ਕਰਕੇ ਸਮਾਜ ਉਤੇ ਆਪਣੀ ਜਕੜ ਮਜ਼ਬੂਤ ਕਰੀਂ ਬੈਠੇ ਹਨ ਉਪਰੋਕਤ ਦੋਵੇਂ ਧਿਰਾਂ ਆਪਣੇ ਗੁਪਤ ਏਜੰਡੇ ਦੇ ਤਹਿਤ ਮਨੁੱਖੀ ਸਮਾਜ ਦਾ ਪੂਰੀ ਤਰ੍ਹਾਂ ਸ਼ੋਸ਼ਣ ਕਰ ਰਹੀਆਂ ਹਨ। ਇਸ ਕੁਟਲ ਅਤੇ ਨਾਪਾਕ ਗੱਠਜੋੜ ਦਾ ਮਾਰੂ ਅਸਰ ਸਿੱਖ ਧਰਮ ਤੇ ਜਿ਼ਆਦਾ ਹੋਇਆ ਹੈ। ਜਿਸਦੇ ਕਈ ਕਾਰਨ ਹਨ। ਇਕ ਤਾਂ ਸਿੱਖ ਧਰਮ ਆਰਥਕ ਪੱਖੋਂ ਮਜ਼ਬੂਤ ਹੈ। ਦੂਸਰਾ ਇਹ ਦਿਮਾਗ ਤੋਂ ਵੱਧ ਦਿਲ ਤੋਂ ਕੰਮ ਲੈਣ ਵਾਲਾ ਹੈ। ਇਸ ਦਾ ਇਹ ਮਤਲਬ ਨਹੀਂ ਹੈ ਕਿ ਸਿੱਖਾਂ ਕੋਲ ਦਿਮਾਗ ਦੀ ਘਾਟ ਹੈ ਪਰ ਦਿਲ ਤੋਂ ਕੰਮ ਲੈਣ ਵਾਲੇ ਲੋਕ ਦਿਮਾਗ ਦੇ ਲੇਖਿਆਂ ਜੋਖਿਆਂ ‘ਚ ਘੱਟ ਹੀ ਪਿਆ ਕਰਦੇ ਹਨ। ਤੀਸਰਾ ਸਿੱਖ ਧਰਮ ਭਾਰਤੀ ਅਜ਼ਾਦੀ ਦਾ ਲਾੜਾ ਹੈ। ਅਤੇ ਚੌਥੇ ਨੰਬਰ ਤੇ ਅਖੌਤੀ ਲੋਕਤੰਤਰ ਨੇ ਸਿੱਖਾਂ ਨੂੰ ਘੱਟ ਗਿਣਤੀਆਂ ਵਿੱਚ ਸ਼ੁਮਾਰ ਕਰ ਦਿੱਤਾ ਹੈ ਕਿਉਂਕਿ ਲੋਕਤੰਤਰ ਵਿਚ ਵੋਟਾਂ ਗਿਣੀਆਂ ਜਾਂਦੀਆਂ ਹਨ ਨਾ ਕੇ ਬਹਾਦਰੀ ਦੇ ਤਗਮਿਆਂ ਦੀ ਗਿਣਤੀ ਕੀਤੀ ਜਾਂਦੀ ਹੈ। ਵੈਸੇ ਵੀ ਭਾਰਤੀ ਸਮਾਜ ਵਿਚ ਬਹੁਤ ਸਾਰੀਆਂ ਬੁਰਾਈਆਂ ਵਿਚੋਂ ਇਕ ਵੱਡੀ ਭੈੜੀ ਕਰਤੂਤ ਇਹ ਵੀ ਰਹੀ ਹੈ ਕਿ ਇਥੇ ਜਰ ਜੋਰੂ ਜ਼ਮੀਨ ਜੂਏ ‘ਚ ਹਾਰਨ ਤੋਂ ਇਲਾਵਾ ਸ਼ੈਲ ਸ਼ਬੀਲਾ ਗੱਭਰੂ ਮੁੰਡਾ ਕੂੜੀ ਦੇ ਘਰ ਵਾਲਿਆਂ ਨੂੰ ਵਿੱਖਾ ਦਿੱਤਾ ਜਾਂਦਾ ਸੀ ਪਰ ਕੁੜੀ ਕਿਸੇ ਹੋਰ ਲੋੜਵੰਦ ਬੁੱਡੇ ਠੇਰੇ ਦੇ ਘਰ ਵਸਾਅ ਦਿੱਤੀ ਜਾਂਦੀ ਸੀ। ਕਈ ਵਾਰ ਇਹ ਧੋਖਾ ਪੁੱਤਰ ਨਾਲ ਬਾਪ ਵੱਲੋਂ ਵੀ ਕੀਤਾ ਜਾਂਦਾ ਸੀ। ਬੱਸ ਇਹੀ ਹਾਲ ਭਾਰਤੀਆਂ ਨੇ ਸਿੱਖ ਨੌਜੁਆਨ ਦਾ ਕੀਤਾ ਹੈ। ਇਸੇ ਤਰ੍ਹਾਂ ਅਜ਼ਾਦੀ ਦੇ ਅਗਵਾਕਾਰ ਟੋਲੇ ਨੂੰ 1947 ਤੋਂ ਬਾਅਦ ਹਰ ਵਕਤ ਚਿੰਤਾ ਸਤਾਉਂਦੀ ਰਹੀ ਹੈ ਕਿ ਸਿੱਖ ਨੌਜੁਆਨ ਕਿਤੇ ਦੋਬਾਰਾ ਸਿਰ ਨਾ ਚੁੱਕੇ ਕਿਉਂਕਿ ਉਹ ਸੋਹਣਾ, ਗੱਭਰੂ ਜਵਾਨ, ਅਤੇ ਮਾਰਸ਼ਲ ਹੈ। ਇਸ ਲਈ ਹਰ ਹਰਬਾ ਵਰਤ ਕੇ ਹਿੰਦ ਸਰਕਾਰ ਵੱਲੋਂ ਸਿੱਖ ਜਵਾਨੀ ਨੂੰ ਕਮਜ਼ੋਰ ਕਰੂਪ ਅਤੇ ਨਿਪੁੰਨਸੁਕ ਕਰਨ ਦੀ ਕੋਸਿ਼ਸ਼ ਕੀਤੀ ਗਈ। ਜਿਸ ਵਿਚ ਹਿੰਦ ਸਰਕਾਰ ਕਾਫੀ ਹੱਦ ਤੱਕ ਕਾਮਯਾਬ ਹੋ ਚੁੱਕੀ ਹੈ। ਗੁਰਮਤਿ ਨੇ ਸਿੱਖ ਧਰਮ ਵਿਚ ਰੁਹਾਨੀਅਤ ਦੇ ਜੋ ਰੰਗ ਭਰੇ ਸਨ। ਉਹ ਇਕ ਇਕ ਕਰਕੇ ਗਾਇਬ ਹੁੰਦੇ ਜਾ ਰਹੇ ਹਨ ਕਿਉਂਕਿ ਖਾਲਸਾ ਪੰਥ ਦਿਖਾਵੇ ਦਾ ਨਹੀਂ ਬਲਕਿ ਅਮਲੀ ਜੀਵਨ ਦਾ ਨਾਮ ਹੈ। ਖਾਲਸਾ ਪੰਥ ਨੂੰ ਲਾਲੋਲਾਲ ਕਰ ਦੇਣ ਵਾਲਾ ਗੁਰਮਤਿ ਫਿਲਾਸਫ਼ੀ ਦਾ ਗੂੜਾ ਰੰਗ ਸੀ। ਗੁਰਮਤਿ ਅਨੁਸਾਰ ਧਰਮ ਦਾ ਫਲਸਫਾ ਸਰਬ ਸਾਂਝਾ ਹੈ। ਪਰ ਵੱਡੀਆਂ ਸਾਜਸ਼ਾਂ ਦੇ ਅਧੀਨ ਸਾਨੂੰ ਗੁਰਮਤਿ ਫਿਲਾਸਫ਼ੀ ਤੋਂ ਦੂਰ ਕਰਨ ਲਈ ਅੰਗ੍ਰੇਜ਼ੀ ਸਾਮਰਾਜ ਤੋਂ ਬਾਅਦ ਹਿੰਦ ਸਰਕਾਰ ਨੇ ਅਖੌਤੀ ਧਰਮੀਆਂ ਭਾਵ ਡੇਰੇਦਾਰਾਂ ਦੀ ਮਾਰਫਤ ਜੰਗੀ ਪੱਧਰ ਤੇ ਯਤਨ ਆਰੰਭ ਕੀਤੇ। ਇਸ ਲਪੇਟ ਵਿਚ ਆਉਣ ਵਾਲੇ ਪਹਿਲੇ ਨੰਬਰ ਤੇ ਵਿਕਾਉ ਕਿਸਮ ਦੇ ਲੋਕ ਸਨ। ਦੂਜੇ ਨੰਬਰ ਤੇ ਨਾ ਸਮਝ ਅਤੇ ਕਮਜੋਰ ਪਰਵਿਰਤੀ ਦੇ ਮਾਲਕ ਵਿਅਕਤੀ ਸਨ, ਜੋ ਪਰੰਪਰਾਵਾਂ ਤੇ ਪਹਿਰਾ ਦੇ ਕੇ ਤੇਜਗਤੀ ਨਾਲ ਭੱਜੇ ਜਾਂਦੇ ਸਮਾਜ ਦੇ ਪਿਛੇ ਰਹਿਕੇ ਪਛੜੇ ਹੋਏ ਸਮਾਜ ਦਾ ਹਿੱਸਾ ਨਹੀਂ ਸਨ ਬਣਨਾ ਚਾਹੁੰਦੇ। ਪਰ ਇਨ੍ਹਾਂ ਲੋਕਾਂ ਨੂੰ ਸ਼ਾਇਦ ਇਹ ਨਹੀਂ ਪਤਾ ਕੇ ਸੁਚੱਜੀਆਂ ਪਰੰਪਰਾਵਾਂ ਦਾ ਟੁੱਟਣਾ ਪੂਰੇ ਸਮਾਜਿਕ ਢਾਂਚੇ ਨੂੰ ਤਹਿਸ਼ ਨਹਿਸ਼ ਕਰ ਦੇਵੇਗਾ। ਜਿਸ ਨਾਲ ਸਾਰੇ ਸਮਾਜਿਕ ਤਾਣੇ ਬਾਣੇ ਦੀ ਰੂਪ ਰੇਖਾ ਵਿਗੜ ਜਾਵੇਗੀ। ਜਿਸ ਤਰਾਂ ਅਖੌਤੀ ਅਜ਼ਾਦੀ ਦੇ ਨਾਂ ਤੇ ਔਰਤ ਜਾਤੀ ਅਪਮਾਨਤ ਹੋਈ ਅਤੇ ਲਗਾਤਾਰ ਹੋ ਰਹੀ ਹੈ। ਔਰਤ ਦੀ ਅਜ਼ਾਦੀ ਦੇ ਸਭ ਤੋਂ ਵੱਡੇ ਹਿਮਾਇਤੀ ਬਹੁਤੇ ਅਯਾਸ਼ ਕਿਸਮ ਦੇ ਲੋਕ ਹਨ। ਜਿਨ੍ਹਾਂ ਨੂੰ ਅੱਜ ਦੀਆਂ ਦ੍ਰੋਪਦੀਆਂ ਦੀ ਦੁਸ਼ਾਸ਼ਨ ਵਾਂਗ ਸਾੜੀ ਖਿਚਣ ਦੀ ਵੀ ਲੋੜ ਨਹੀਂ ਪੈਂਦੀ। ਬਲਕਿ ਇਨਾਂ ਹੁਸਨ ਦੇ ਸੌਦਾਗਰਾਂ ਵੱਲੋਂ ਅੱਜ ਦੀ ਔਰਤ ਨੂੰ ਵਿਸ਼ਵ ਜਾਂ ਕਿਸੇ ਵੀ ਪੱਧਰ ਦੀ ਸੁੰਦਰੀ ਚੁਣੇ ਜਾਣ ਦਾ ਸ਼ੀਸ਼ਾ ਵਿਖਾਇਆ ਜਾਂਦਾ ਹੈ। ਕਰਮਵਾਰ ਤਿੰਨ ਚੇਹਰੇ ਚੁਣਨ ਲਈ ਹਜ਼ਾਰਾਂ ਕੁੜੀਆਂ ਦੇ ਨੰਗੇ ਜਿਸਮਾਂ ਦੀ ਨੁਮਾਇਸ਼ ਲਗਾਈ ਜਾਂਦੀ ਹੈ। ਇਸਤੋਂ ਸਾਫ ਜ਼ਾਹਿਰ ਹੈ ਕਿ ਧਾੜਵੀਂ ਕਿਸਮ ਦੇ ਲੋਕ ਕਿਸੇ ਵੀ ਜੁੱਗ ਵਿਚ ਮਰਦੇ ਨਹੀਂ ਬਲਕਿ ਇਹ ਲੋਕ ਆਪਣਾ ਰੰਗ ਅਤੇ ਢੰਗ ਬਦਲ ਲੈਂਦੇ ਹਨ। ਨਾਰੀ ਜਾਤੀ ਨੇ ਬਹੁਤ ਥੋੜਾ ਪਾਉਣ ਲਈ ਬਹੁਤ ਜਿ਼ਆਦਾ ਗਵਾ ਲਿਆ ਹੈ। ਜੋ ਇਕ ਅਲੱਗ ਵਿਸ਼ਾ ਹੈ। ਪਰ ਇਹ ਤਾਂ ਮੈਂ ਖਾਲਸਾ ਪੰਥ ਦੇ ਚਿੰਤਕਾਂ ਅਤੇ ਬੁੱਧੀਜੀਵੀਆਂ ਨੂੰ ਇਕ ਉਧਾਰਨ ਦਿੱਤੀ ਹੈ ਕਿਉਂਕਿ ਅੱਜ ਅਸੀਂ ਵੀ ਪਰੰਪਰਾਵਾਂ ਨੂੰ ਤੋੜਨ ਜਾ ਰਹੇ ਹਾਂ। ਮੇਰੀ ਹੈਸੀਅਤ ਬੇਸ਼ਕ ਇਕ ਪਹਿਰੇਦਾਰ ਦੀ ਹੈ ਪਰ ਮੈਂ ਉਸ ਲਈ ਪੂਰੀ ਤਰ੍ਹਾਂ ਇਮਾਨਦਾਰ ਹਾਂ ਜਿਸ ਨੇ ਮੈਨੂੰ ਆਪਣੀ ਦਰਵਾਨ ਬਣਾਇਆ ਹੈ। ਪਰੰਪਰਾਵਾਂ ਨੂੰ ਇਸ ਲਈ ਨਹੀਂ ਤੋੜ ਦੇਣਾ ਚਾਹੀਦਾ ਕੇ ਉਹ ਬਹੁਤ ਪੁਰਾਣੀਆਂ ਹਨ। ਜਿਨ੍ਹਾਂ ਪਰੰਪਰਾਵਾਂ ਨਾਲ ਤੁਹਾਡੀ ਹੋਂਦ ਜੁੜੀ ਹੋਈ ਹੈ ਉਨ੍ਹਾਂ ਰਵਾਇਤਾਂ ਨੂੰ ਆਪਾ ਵਾਰ ਕੇ ਵੀ ਬਚਾਉਣਾ ਤੁਹਾਡਾ ਪਹਿਲਾ ਫਰਜ ਹੈ। ਅੱਜ ਦੇ ਮੇਰੇ ਇਸ ਲੇਖ ਦਾ ਵਿਸ਼ਾ ਹੈ ‘ਅਕਾਲ ਤਖਤ’, ‘ਗੁਰੂ ਗ੍ਰੰਥ ਸਾਹਿਬ’ ਅਤੇ ‘ਗੁਰੂ ਪਦ’, ਅੱਜ ਦੀਆਂ ਘਟਨਾਵਾਂ ਦਾ ਲੇਖਾ ਜੋਖਾ ਕਰਨ ਲਈ ਇਨ੍ਹਾਂ ਨਾਲ ਪਿਛਲੀਆਂ ਘਟਨਾਵਾਂ ਦਾ ਜੋੜ ਕਰਨਾ ਪਵੇਗਾ। ਕੋਈ ਵੀ ਘਟਨਾ ਆਪਣੇ ਆਪ ‘ਚ ਇਕੱਲੀ ਨਹੀਂ ਹੁੰਦੀ। ਘਟਨਾਵਾਂ ਪਰਵਾਰਿਕ, ਸਮਾਜਿਕ ਹੋਣ ਜਾਂ ਕੌਮੀ ਪੱਧਰ ਦੀਆਂ ਹੋਣ। ਘਟਨਾਵਾਂ ਦਾ ਪੱਧਰ ਜਿਨਾਂ ਵੱਡਾ ਹੁੰਦਾ ਹੈ ਉਨੀਆਂ ਹੀ ਉਹ ਗੁੰਝਲਦਾਰ ਅਤੇ ਸਿਲਸਿਲਾਵਾਰ ਹੁੰਦੀਆਂ ਹਨ। ਅੱਜ ਤੋਂ ਕੁਝ ਸਾਲ ਪਹਿਲਾਂ ਅਖੌਤੀ ਦੇਸ਼ ਭਗਤ ਜਮਾਤ ਆਰ.ਐਸ.ਐਸ. ਵੱਲੋਂ ਇਕ ਫੁਰਮਾਨ ਜਾਰੀ ਕੀਤਾ ਗਿਆ ਸੀ ਕਿ ਦੇਸ਼ ਨੂੰ ਉਨ੍ਹਾਂ ਕੌਮਾਂ ਵੱਲੋਂ ਖਤਰਾ ਹੈ ਜਿਹੜੀਆਂ ਕੌਮਾਂ ਆਪਣੇ ਧਰਮ ਗ੍ਰੰਥਾਂ ਤੋਂ ਅਗਵਾਈ ਲੈਂਦੀਆਂ ਅਤੇ ਉਨ੍ਹਾਂ ਨੂੰ ਆਪਣੇ ਇਸ਼ਟ ਦਾ ਦਰਜਾ ਦਿੰਦੀਆਂ ਹਨ। ਜਿਨ੍ਹਾਂ ਵਿੱਚੋਂ ਪ੍ਰਮੁੱਖ ਹੈ ਸਿੱਖ ਧਰਮ, ਇਸਲਾਮ ਅਤੇ ਇਸਾਈ ਵੀ ਇਸੇ ਕਤਾਰ ‘ਚ ਖਲੋਂਦੇ ਹਨ। ਘੱਟ ਗਿਣਤੀਆਂ ਵਿਰੋਧੀ ਇਸ ਮਾਰੂ ਫ਼ੁਰਮਾਨ ਤੋਂ ਬਾਅਦ ਇਨ੍ਹਾਂ ਧਰਮਾਂ ਉੱਤੇ ਚੁਫੇਰਿਓ ਹਮਲੇ ਤੇਜ਼ ਕੀਤੇ ਗਏ। ਜੋ ਸਿੱਖ ਧਰਮ ਲਈ ਸਭ ਤੋਂ ਵੱਧ ਹਾਨੀਕਾਰਕ ਸਿੱਧ ਹੋਏ ਕਿਉਂਕਿ ਇਸਲਾਮ ਅਤੇ ਇਸਾਈ ਧਰਮ ਦਾ ਮੂਲ ਬਾਹਰਲੇ ਮੁਲਕਾਂ ਵਿੱਚ ਹੈ ਅਤੇ ਆਪਣੇ ਰਾਜਭਾਗ ਦੇ ਮਾਲਕ ਹੋਣ ਕਰਕੇ ਸੁਰਖਿਅੱਤ ਵੀ ਹੈ ਪਰ ਸਿੱਖ ਧਰਮ ਦਾ ਤਾਂ ਮੂਲ ਧੰਨ ਹੀ ਇਸ ਮੁਲਕ ਵਿਚ ਹੈ। ਇਸ ਵਾਸਤੇ ਹਿੰਦੂ ਧਰਮ ਅਤੇ ਹਿੰਦੂ ਸਿਆਸਤ ਦਾ ਸਭ ਤੋਂ ਵੱਧ ਮਾਰੂ ਅਸਰ ਵੀ ਸਿੱਖ ਧਰਮ ਤੇ ਹੀ ਪਿਆ ਹੈ। ਸਿੱਖ ਧਰਮ ਦੀ ਹਰ ਉਸ ਵਿਰਾਸਤ ਅਤੇ ਪਰੰਪਰਾ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਵਿਚ ਉਸਦੀ ਜਾਨ ਵਸਦੀ ਸੀ ਅਤੇ ਜਿਸ ਤੋਂ ਖਾਲਸਾ ਪੰਥ ਅਗਵਾਈ ਲੈਂਦਾ ਸੀ ਬੇਸ਼ਕ ਸਿੱਖ ਧਰਮ ਤੇ ਇਹ ਹਮਲੇ ਮੁਗਲ ਹਕੂਮਤ ਵੇਲੇ ਸ਼ੁਰੂ ਹੋਏ ਸਨ। ਜਿਨ੍ਹਾਂ ਨੇ ਕਈ ਵਾਰ ਦਰਬਾਰ ਸਾਹਿਬ (ਹਰਿਮੰਦਰ ਸਾਹਿਬ) ਅਤੇ ਅਕਾਲ ਤਖ਼ਤ ਸਾਹਿਬ ਨੂੰ ਨਿਸ਼ਾਨਾ ਬਣਾਇਆ ਪਰ ਅੰਗਰੇਜ਼ ਹਕੂਮਤ ਨੇ ਸਭ ਤੋਂ ਮਾਰੂ ਹਮਲਾ ਸਾਡੀਆਂ ਉਪਰੋਕਤ ਵਿਰਾਸਤਾਂ ਤੇ ਮੰਹਤਾਂ ਪੁਜਾਰੀਆਂ ਨੂੰ ਉਤਸ਼ਾਹਿਤ ਕਰਕੇ ਨਿਵੇਕਲੇ ਢੰਗ ਨਾਲ ਕੀਤਾ। ਉਸ ਤੋਂ ਬਾਅਦ ਅਖੌਤੀ ਅਜ਼ਾਦੀ ਤੋਂ ਮਗਰੋਂ ਜੂਨ 1984 ਵਿਚ ਮੁਗ਼ਲਈ ਤਰਜ਼ ਤੇ ਹਿੰਦ ਸਰਕਾਰ ਵੱਲੋਂ ਅਕਾਲ ਤਖ਼ਤ ਨੂੰ ਸਿੱਧਾ ਨਿਸ਼ਾਨਾ ਬਣਾਇਆ ਗਿਆ ਪਰ ਜਲਦੀ ਹੀ ਮਗਰੋਂ ਅਕਾਲ ਤਖ਼ਤ ਆਪਣੀ ਪਹਿਲੇ ਵਾਲੀ ਹੋਂਦ ਵਿੱਚ ਸਥਾਪਤ ਹੋ ਗਿਆ ਕਿਉਂਕਿ ਉਦੋਂ ਤੱਕ ਅਕਾਲ ਤਖ਼ਤ ਦੇ ਵਾਰਸ ਜਿਊਂਦੇ ਸਨ ਜੋ ਅਕਾਲ ਤਖਤ ਦੀ ਤਬਾਹੀ ਦਾ ਬਦਲਾ ਲੈਣ ਲਈ ਪਤੰਗਿਆ ਵਾਂਗ ਸ਼ਮਾ ਦੀ ਤਲਾਸ਼ ਵਿਚ ਨਿਕਲ ਤੁਰੇ ਸੀ। ਇਸ ਤਰ੍ਹਾਂ ਭਾਰਤ ਸਰਕਾਰ ਨੂੰ ਆਪਣਾ ਮੁਗ਼ਲਈ ਤਜ਼ਰਬਾ ਫੇਲ ਹੁੰਦਾ ਦਿੱਸਿਆ ਤਾਂ ਪੈਂਤੜਾ ਬਦਲ ਕੇ ਅੰਗਰੇਜ਼ ਹਕੂਮਤ ਦੀ ਤਰਜ਼ ਤੇ ਤਰਤੀਬਵਾਰ ਹਮਲੇ ਸ਼ੁਰੂ ਕੀਤੇ ਗਏ ਜੋ ਬਹੁਤ ਹੀ ਸੂਖਮ ਢੰਗ ਦੇ ਅਤੇ ਸਮੂਹਕ ਹਮਲੇ ਸੀ ਅਤੇ ਹਕੀਕਤ ਵਿਚ ਅਸੀਂ ਇਨ੍ਹਾਂ ਹਮਲਿਆਂ ਤੋਂ ਮਾਤ ਖਾ ਗਏ ਹਾਂ ਕਿਉਂਕਿ ਅਸੀਂ ਅੱਜ ਖੁਦ ਹੀ ਆਪਣੀਆਂ ਵਿਰਾਸਤਾਂ ਨੂੰ ਛੱਡਣ ਦਾ ਮਨ ਬਣਾ ਲਿਆ ਹੈ। ਜੋ ਸਿੱਖ ਚਿੰਤਕਾਂ ਲਈ ਭਾਰੀ ਚਿੰਤਾ ਦਾ ਵਿਸ਼ਾ ਹੈ। ਜੂਨ 84 ਤੋਂ ਬਾਅਦ ਨਿਸ਼ਾਨੇ ਤੇ ਨਿਸ਼ਾਨਾ ਫੁੰਡਣ ‘ਚ ਦੁਸ਼ਮਣ ਬਹੁਤ ਵੱਡੀ ਸਫਲਤਾ ਹਾਸਲ ਕਰ ਚੁੱਕਾ ਹੈ। ਦਰਅਸਲ ਸਾਡੇ ਦੁਸ਼ਮਣ ਨੂੰ ਇਹ ਸਫਲਤਾ ਉਦੋਂ ਮਿਲੀ ਜਦੋਂ ਉਹ ਰਾਸ਼ਟਰੀ ਸਿੱਖ ਸੰਗਤ ਦੇ ਬੈਨਰ ਹੇਠ ਸਾਡੇ ਭੇਖ ਵਿੱਚ ਪ੍ਰਚਾਰਕ, ਲਿਖਾਰੀ ਅਤੇ ਅਖਬਾਰ ਨਵੀਸ ਬਣਕੇ ਉੱਤਰਿਆ, ਬੇਸ਼ਕ ਇਸ ਕੰਮ ਲਈ ਹਿੰਦੂ ਏਜੰਸੀਆ ਨੂੰ ਨਵੀਂ ਭਰਤੀ ਕਰਨ ਦੀ ਵੀ ਲੋੜ ਨਹੀਂ ਪਈ ਅਤੇ ਸਾਡੇ ਵਿੱਚੋਂ ਹੀ ਬਹੁਤ ਸਾਰੇ ਲੋਕ ਖਰੀਦ ਲਏ ਗਏ। ਇਸ ਵਿੱਚ ਬਹੁਤਾਂਤ ਡੇਰਿਆਂ ਨਾਲ ਜੁੜੇ ਹੋਏ ਸਿੱਖ ਭੇਖੀਆਂ ਦੀ ਸੀ। ਜਿਨ੍ਹਾਂ ਵੱਲੋਂ ਕੀਤੇ ਗਏ ਧੂਆਂਧਾਰ ਪ੍ਰਚਾਰ ਦੇ ਕਾਰਨ ਬਹੁਤੇ ਸਿੱਖ ਜੋ ਰਾਜਨੀਤੀ ਦੇ ਚਾਣੱਕਿਆ ਸ਼ਸਤਰ ਨੂੰ ਨਹੀਂ ਸਮਜ ਸਕਦੇ ਉਹ ਦੁਸ਼ਮਨ ਦੀ ਸਿੱਖ ਵਿਰੋਧੀ ਨੀਤੀ ਦਾ ਸਿ਼ਕਾਰ ਹੋ ਚੁੱਕੇ ਹਨ। ਜੋ ਅੱਜ ਸਾਰੀਆਂ ਰਵਾਇਤਾਂ ਨੂੰ ਬਹੁਤ ਸਾਰੀਆਂ ਦਲੀਲਾਂ ਦੇ ਕੇ ਨਕਾਰਦੇ ਹਨ, ਬੇਸ਼ਕ ਦਲੀਲਾਂ ਦੀ ਕਮੀ ਕਿਸੇ ਕੋਲ ਵੀ ਨਹੀਂ ਹੁੰਦੀ। ਤਰਕ ਵਿਰੋਧੀਆਂ ਕੋਲ ਵੀ ਹੁੰਦਾ ਹੈ ਅਤੇ ਹਮਾਇਤੀਆਂ ਕੋਲ ਵੀ ਤਰਕ ਦਾ ਮਜ਼ਬੂਤ ਅਧਾਰ ਹੁੰਦਾ ਹੈ। ਪਰ ਉਸ ਤਰਕ ਤੇ ਦੋਹਾਂ ਧਿਰਾਂ ਨੂੰ ਪਹਿਰਾ ਦੇਣਾ ਪਵੇਗਾ, ਜੋ ਹਰ ਪਹਿਲੂ ਤੋਂ ਤਕੱੜੀ ਦੇ ਦੋਹਾਂ ਪੱਲੜਿਆਂ ‘ਚੋਂ ਭਾਰੂ ਰਹੇਗੀ। ਬੇਸ਼ਕ ਇਹ ਤਾਂ ਹੀ ਮੁਨਾਸਿਬ ਹੋਵੇਗਾ ਅਗਰ ਦੋਵੇਂ ਧਿਰਾਂ ਇਮਾਨਦਾਰ ਹੋਣਗੀਆਂ। ਅਗਰ ਮੈਂ ਨਾ ਮਾਨੂੰ ਵਾਲੀ ਅੜੀ ਇਕ ਧਿਰ ਨੇ ਪਗਾਉਣੀ ਹੈ ਤਾਂ ਫਿਰ ਉਹ ਧਿਰ ਸ. ਜੋਗਿੰਦਰ ਸਿੰਘ ਮੁੱਖ ਸੰਪਾਦਕ ਰੋਜ਼ਾਨਾ ਸਪੋਕਸਮੈਨ ਅਤੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਵਾਂਗ ਸ਼ੱਕੀ ਸਮਝੀ ਜਾਵੇਗੀ। ਇਸ ਲੇਖ ਵਿੱਚ ਮੈਂ ਵੀ ਕੁਝ ਦਲੀਲਾਂ ਆਪਣੀ ਅਲਪਮਤ ਅਨੁਸਾਰ ਦੇ ਰਹੀ ਹਾਂ ਜਿਨ੍ਹਾਂ ਵਿੱਚੋਂ ਅਗਰ ਕੋਈ ਦਲੀਲ ਗੁਰਮਤਿ ਦੀ ਕਸਵੱਟੀ ਤੇ ਖਰੀ ਨਹੀਂ ਉਤਰੇਗੀ ਤਾਂ ਮੈਂ ਇਮਾਨਦਾਰ ਵਿਧਵਾਨਾਂ ਦੇ ਸੁਝਾਅ ਮਿਲਣ ਤੇ ਖੁਦ ਹੀ ਆਪਣੀ ਉਸ ਦਲੀਲ ਦਾ ਖੰਡਨ ਕਰਾਂਗੀ। ਮੇਰੀਆਂ ਇਨ੍ਹਾਂ ਦਲੀਲਾਂ ਨੂੰ ਉਮੀਦ ਹੈ ਕਿ ਉਹ ਲੋਕ ਜ਼ਰੂਰ ਮੰਨ ਲੈਣਗੇ ਜੋ ਗੁਮਰਾਹ ਹੋ ਗਏ ਹਨ ਪਰ ਸਾਜਸ਼ੀ ਲੋਕ ਇਨ੍ਹਾਂ ਦਲੀਲਾਂ ਦੀ ਕਾਟ ਜ਼ਰੂਰ ਲੱਭ ਲੈਣਗੇ। ਸਾਡੇ ਵਿਚੋਂ ਹੀ ਇਕ ਧੜਾ ਜੋ ਬੇਸ਼ਕ ਰੋਜ਼ਾਨਾ ਸਪੋਕਸਮੈਨ ਦੇ ਮੁੱਖ ਸੰਪਾਦਕ ਸ. ਜੋਗਿੰਦਰ ਸਿੰਘ ਵਾਂਗ ਅਕਾਲ ਤੱਖਤ ਦੀ ਹੋਂਦ ਤੋਂ ਇਨਕਾਰੀ ਨਹੀਂ ਹੈ ਪਰ ਫਿਰ ਵੀ ਉਹ ਅਕਾਲ ਤਖਤ ਦੀ ਅਗਵਾਈ ਚੋਂ ਵਿਸ਼ਵਾਸ਼ ਗੁਆ ਚੁੱਕਾ ਹੈ। ਇਸ ਧੜੇ ਦਾ ਮਤ ਹੈ ਕਿ ਗੁਰੂ ਗ੍ਰੰਥ ਸਾਹਿਬ ਜਿੱਥੇ ਵੀ ਸ਼ੁਸ਼ੋਬਤ ਹੈ ਸਾਡੇ ਲਈ ਉੱਥੇ ਹੀ ਅਕਾਲ ਤਖ਼ਤ ਮੌਜ਼ੂਦ ਹੈ ਬੇਸ਼ਕ ਇਸ ਧੜੇ ਦਾ ਵਿਚਾਰ ਧਾਰਮਿਕ ਆਸਥਾ ਪੱਖੋਂ ਠੀਕ ਹੈ। ਪਰ ਇਹ ਵਿਚਾਰ ਜ਼ਮੀਨੀ ਪੱਧਰ ਅਤੇ ਰਾਜਨੀਤਕ ਪੱਖ ਤੋਂ ਬਹੁਤ ਹੀ ਊਣਾ ਹੈ। ਕਿਉਂਕਿ ਇਸ ਤਰਜ ਤੇ ਸਿੱਖ ਪੰਥ ਕਦੇ ਵੀ ਇਕ ਮੱਤ ਨਹੀਂ ਹੋ ਸਕੇਗਾ ਅਤੇ ਅਲੱਗ ਅਲੱਗ ਥਾਵਾਂ ਤੇ ਬੈਠ ਕੇ ਆਪਣਾ ਆਪਣਾ ਰਾਗ ਅਲਾਪਦਾ ਰਹੇਗਾ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਨਾਂ ਦਾ ਇਕ ਸਾਂਝਾ ਮੰਚ ਸਿੱਖਾਂ ਨੂੰ ਇਕ ਮੱਤ ਹੋਣ ਲਈ ਦਿੱਤਾ ਸੀ। ਜਿੱਥੇ ਬੈਠ ਕੇ ਸਿੱਖ ਆਪਣੇ ਸਾਰੇ ਸ਼ੰਕਿਆਂ ਦੀ ਨਵਿਰਤੀ ਕਰਦੇ ਸਨ ਅਤੇ ਜਿੱਥੋਂ ਇਕ ਸਾਝਾਂ ਗੁਰਮਤਾ ਲਾਗੂ ਕੀਤਾ ਜਾਂਦਾ ਸੀ ਅਲੱਗ ਅਲੱਗ ਮਿਸਲਾਂ ਅਤੇ ਧੜਿਆਂ ‘ਚ ਵੰਡੇ ਹੋਏ ਸਿੱਖ ਸਰਦਾਰ ਕੌਮੀ ਮਸਲਿਆਂ ਤੇ ਜਿਥੇ ਬੈਠ ਕੇ ਇਕ ਸਾਂਝਾ ਪ੍ਰੋਗਰਾਮ ਉਲੀਕ ਦੇ ਸਨ। ਅੱਜ ਉਸ ਸਾਂਝੇ ਪਲੇਟ ਫਾਰਮ ਤੋਂ ਖਾਲਸਾ ਪੰਥ ਨੂੰ ਅਲੱਗ ਥਲੱਗ ਕਰਨ ‘ਚ ਦੁਸ਼ਮਣ ਕਾਮਯਾਬ ਹੋ ਗਿਆ ਹੈ। ਇਹ ਸਫਲਤਾ ਉਸਨੂੰ ਅਸਾਨੀ ਨਾਲ ਨਹੀਂ ਮਿਲੀ। ਇਸ ਸਫਲਤਾ ਨੂੰ ਹਾਸਲ ਕਰਨ ਵਾਸਤੇ ਭਾਰੀ ਵਿਓਤਬੰਦੀ ਕੀਤੀ ਗਈ ਹੈ। ਇਸ ਲਈ ਇਕ ਸ. ਜੋਗਿੰਦਰ ਸਿੰਘ ਮੁੱਖ ਸੰਪਾਦਕ ਸਪੋਕਸਮੈਨ ਹੀ ਨਹੀਂ ਬਲਕਿ ਦੂਜੇ ਪਾਸੇ ਵੀ ਜੋਗਿੰਦਰ ਸਿੰਘ ਦੀਆਂ ਸੇਵਾਵਾਂ ਲਈਆਂ ਗਈਆਂ। ਭਾਵ ਜੋਗਿੰਦਰ ਸਿੰਘ ਵੇਦਾਂਤੀ ਨੇ ਸਿੱਖ ਹਿਰਦਿਆ ਵਿਚੋਂ ਅਕਾਲ ਤਖ਼ਤ ਦਾ ਇਕ ਇਕ ਰੱਦਾ ਆਪਣੇ ਕਰ ਕਮਲਾਂ ਨਾਲ ਉਤਾਰਿਆ ਹੈ। ਅਕਾਲ ਤਖਤ ਵੱਲੋਂ ਇਕ ਜੋਗਿੰਦਰ ਸਿੰਘ ਨੂੰ ਦੂਜੇ ਜੋਗਿੰਦਰ ਸਿੰਘ ਵੱਲੋਂ ਛੇਕਿਆ ਜਾਣਾ ਅਤੇ ਇਕ ਦੇ ਹੁਕਮ ਤੋਂ ਦੂਜੇ ਨੂੰ ਮੁਨਕਰ ਕਰਾਉਣ ਪਿਛੇ ਵੀ ਦੋਹਾਂ ਦੇ ਸਾਂਝੇ ਸਰਦਾਰ ਭਾਵ ਆਰ.ਐਸ.ਐਸ. ਦੀ ਬਾ ਕਮਾਲ ਸੋਚ ਕੰਮ ਕਰਦੀ ਸੀ। ਇਹ ਸਿੱਖ ਮਨਾ ਵਿਚੋਂ ਅਕਾਲ ਤਖਤ ਦਾ ਅਕਸ ਧੁੰਧਲਾ ਕਰਨ ਪਿੱਛੇ ਮਨੋਵਿਗਆਨਕ ਢੰਗ ਸੀ। ਜੋ ਉਹ ਕੰਮ ਕਰ ਗਿਆ ਜੋ ਐਹਮਦ ਸ਼ਾਹ ਅਬਦਾਲੀ ਅਤੇ ਇੰਦਰਾ ਗਾਂਧੀ ਮਿਲਕੇ ਵੀ ਨਹੀਂ ਸਨ ਕਰ ਸਕੇ। ਲਗਾਤਾਰ ਸਿੱਖਾਂ ਵਿਚੋਂ ਕੌਮੀ ਸਪਰਿਟ ਖਤਮ ਕੀਤੀ ਜਾ ਰਹੀ ਹੈ ਜਿਸ ਨਾਲ ਇਕ ਕੌਮ ਮਿਲਕੇ ਰਾਸ਼ਟਰ ਦਾ ਨਿਰਮਾਣ ਕਰ ਸਕਦੀ ਹੈ। ਇਸ ਤੋਂ ਪਹਿਲਾਂ ਸ. ਪ੍ਰਕਾਸ਼ ਸਿੰਘ ਬਾਦਲ ਦੀਆਂ ਸੇਵਾਵਾਂ ਹਾਸਲ ਕੀਤੀਆਂ ਗਈਆਂ। ਬਾਦਲ ਸਾਹਿਬ ਨੂੰ ਇਨ੍ਹਾਂ ਤਾਕਤਵਰ ਬਣਾਇਆ ਗਿਆ ਕਿ ਅਕਾਲ ਤਖਤ ਵੱਲ ਉਠੀਆਂ ਦੁਸ਼ਮਣ ਦੀਆਂ ਤੋਪਾਂ ਦਾ ਮੂਹ ਤਲਵਾਰਾਂ ਨਾਲ ਮੋੜ ਦੇਣ ਵਾਲੇ ਸਿੱਖ ਬਾਦਲ ਦੀ ਜਕੜ ਚੋਂ ਆਪਣੇ ਅਕਾਲ ਤਖਤ ਨੂੰ ਅਜ਼ਾਦ ਨਾ ਕਰਵਾ ਸਕੇ ਅਤੇ ਅਕਾਲ ਤਖਤ ਤੇ ਬਾਦਲ ਸਾਹਿਬ ਦਾ ਸ਼ਾਹੀ ਫੁਰਮਾਨ ਇਲਾਹੀ ਹੁਕਮ ਮੰਨਿਆ ਜਾਣ ਲੱਗਾ। ਸਿੱਖ ਸਿਧਾਤਾਂ ਦਾ ਮਲੀਆਮੇਟ ਕਰਵਾਉਣ ਲਈ ਨਿਕੱਮੇ ਤੋਂ ਨਿੱਕਮਾ ਬੰਦਾ ਅਕਾਲ ਤਖਤ ਦਾ ਜੱਥੇਦਾਰ ਨਾਮਜਦ ਕੀਤਾ ਗਿਆ। ਜਿਨ੍ਹਾਂ ਨੇ ਆਪਣੀ ਮਨਮਤ ਅਤੇ ਸਰਕਾਰੀ ਸਰਪਰਸਤੀ ਹੇਠ ਅਕਾਲ ਤਖਤ ਨੂੰ ਇਨ੍ਹਾ ਨੀਵਾਂ ਕਰ ਦਿੱਤਾ ਕਿ ਜਿਸ ਅਕਾਲ ਤਖ਼ਤ ਨੂੰ ਸਿੱਖ ਤਨੋ ਮਨੋ ਸਮਰਪਿਤ ਸਨ ਅੱਜ ਉਸ ਅਕਾਲ ਤਖਤ ਤੋਂ ਸਿੱਖਾਂ ਦੀਆਂ ਆਪਣੀਆਂ ਹੀ ਨਿਗਾਹਾਂ ਫਿਰਨ ਲੱਗੀਆਂ ਹਨ। ਸਾਡੇ ਵਿਚੋਂ ਬਹੁਤੇ ਸਿੱਖਾਂ ਨੇ ਅਕਾਲਤਖਤ ਨੂੰ ਛੱਡਣ ਦਾ ਮਨ ਬਣਾ ਲਿਆ ਹੈ। ਜਿਸ ਅੱਗੇ ਉਹ ਇਨ੍ਹਾਂ ਨਾਅਰਿਆਂ ਅਤੇ ਜੈਕਾਰਿਆਂ ਨਾਲ ਗਗਨ ਨੂੰ ਨਿਵਾਂਦਿਆ ਕਰਦੇ ਸਨ ਕਿ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਇਸ ਲਈ ਬੇਨਤੀ ਹੈ ਕਿ ਗੁਰੂ ਦਿਓ ਸਿੱਖੋ ਨਾ ਭੁੱਲੋ ਆਪਣੇ ਅਕਾਲ ਤਖ਼ਤ ਨੂੰ, ਆਪਣੀ ਇਸ ਮਹਾਨ ਵਿਰਾਸਤ ਨੂੰ ਇਸ ਵਿਚ ਗਹਿਰੇ ਰਾਜ ਛੁਪੇ ਹੋਏ ਹਨ ਤੁਹਾਡੀ ਹੋਂਦ, ਵਿਲੱਖਣ ਹਸਤੀ ਅਤੇ ਤੁਹਾਡੀ ਅਜ਼ਾਦੀ ਦੇ। ਜਿਸਨੂੰ ਤੁਹਾਡਾ ਦੁਸ਼ਮਣ ਬਹੁਤ ਪਹਿਲੇ ਜਾਣ ਗਿਆ ਸੀ। ਇਸੇ ਲਈ ਹੀ ਉਹ ਇਸ ਸ਼ਕਤੀ ਦੇ ਸੋਮੇ ਤੇ ਹਮਲੇ ਤੇ ਹਮਲਾ ਕਰਦਾ ਰਿਹਾ ਪਰ ਹਰ ਵਾਰ ਅਕਾਲ ਤਖ਼ਤ ਅਤੇ ਦਰਬਾਰ ਸਾਹਿਬ (ਸ੍ਰੀ ਹਰਿਮੰਦਰ ਸਾਹਿਬ) ਤੇ ਹੋਈ ਹਥਿਆਰਬੰਦ ਲੜਾਈ ‘ਚ ਤੁਹਾਡਾ ਦੁਸ਼ਮਣ ਤੁਹਾਡੇ ਹੱਥੋਂ ਮਾਤ ਖਾਂਦਾ ਰਿਹਾ। ਕਿਉਂਕਿ ਤੁਹਾਡਾ ਆਪਣੀਆਂ ਵਿਰਾਸਤਾਂ ਵਿਚ ਦ੍ਰਿੜ ਨਿਸ਼ਚਾ ਸੀ ਅਤੇ ਦ੍ਰਿੜ ਨਿਸ਼ਚੈ ਦੇ ਕਾਰਨ ਮਨੋਬਿਰਤੀ ਵੀ ਇਕਾਗਰ ਸੀ। ਜਿਸ ਨਾਲ ਤੁਹਾਡੀ ਹੋਂਦ ਤੁਹਾਡੀ ਹਸਤੀ ਕਾਇਮ ਸੀ ਕਿਉਂਕਿ ਅਤੀਤ ਭਵਿੱਖ ਦਾ ਸ਼ਕਤੀ ਸ੍ਰੋਤ ਹੈ। ਜੋ ਵਰਤਮਾਨ ਦੇ ਵੇਹੜੇ ਚੋਂ ਲੰਗ ਕੇ ਭਵਿੱਖ ਨੂੰ ਜੀਵਨ ਅਤੇ ਸ਼ਕਤੀ ਪ੍ਰਦਾਨ ਕਰਦਾ ਹੈ। ਅਸੀਂ ਹਰ ਸਾਲ ਪੱਤਝੜ ਆਈ ਵੇਖਦੇ ਹਾਂ, ਕਿਵੇਂ ਰੁੱਖਾਂ ਤੋਂ ਟੁੱਟ ਕੇ ਪੱਤੇ ਖਿੰਡ ਪੁੰਡ ਜਾਂਦੇ ਹਨ ਅਤੇ ਕਿਵੇਂ ਹਵਾ ਦਾ ਇਕ ਨਿੱਕਾ ਜਿਹਾ ਝੋਕਾ ਉਨ੍ਹਾਂ ਨੂੰ ਉਡਾ ਕੇ ਲੈ ਜਾਂਦਾ ਹੈ। ਜਦ ਉਹ ਪੱਤੇ ਦਰਖਤ ਨਾਲ ਹੁੰਦੇ ਸਨ। ਉਹੀ ਪੱਤੇ ਉਸ ਦਰਖਤ ਦੀਆਂ ਮਜਬੂਤ ਜੜ੍ਹਾਂ ਦੇ ਸਹਾਰੇ ਹਵਾ ਦੇ ਰੁਮਕਣ ਨਾਲ ਸੰਗੀਤ ਬਣ ਜਾਇਆ ਕਰਦੇ ਸਨ। ਪਰ ਦਰਖਤ ਨਾਲੋਂ ਟੁੱਟਿਆ ਪੱਤਿਆਂ ਨੂੰ ਅੱਜ ਉਹੀ ਹਵਾ ਵਿਰਾਨ ਦਿਸ਼ਾਵਾਂ ਵੱਲ ਲੈ ਗਈ। ਬੱਸ ਹੁਣ ਇਹੀ ਹੋਣ ਜਾ ਰਿਹਾ ਹੈ ਸਿੱਖੋ ਤੁਹਾਡੇ ਨਾਲ। ਅਜੇ ਵੀ ਅਗਰ ਤੁਸੀਂ ਨਾ ਸੰਭਲੇ ਤਾਂ ਬਹੁਤ ਅਨਹੋਣੀ ਹੋ ਜਾਵੇਗੀ। ਇਸ ਤੋਂ ਪਹਿਲਾਂ ਕਾਰ ਸੇਵਾ ਦੇ ਨਾਂ ਤੇ ਸਿੱਖ ਵਿਰਾਸਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜਿਸ ਦੁਸ਼ਮਣ ਨੇ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਤੇ ਹਮਲੇ ਕੀਤੇ ਉਹ ਦੁਸ਼ਮਣ, ਹੁਣ ਗੁਰੂ ਪਦ ਤੇ ਹਮਲਾ ਕਰਨ ਜਾ ਰਿਹਾ ਹੈ। ਛੱਕੇ ਤੇ ਛੱਕਾ ਮਾਰਨ ਵਾਲੇ ਦੁਸ਼ਮਣ ਨੇ ਇੱਥੇ ਵੀ ਗੋਟੀ ਸੁਟਵਾ ਦਿੱਤੀ ਹੈ। ਭਾਵ ਇਸ ਦੀ ਸ਼ੁਰੂਆਤ ਵੀ ਸਪੋਕਸਮੈਨ ਵੱਲੋਂ ਹੀ ਕੀਤੀ ਗਈ ਸੀ। ਪਰ ਅੱਜ ਇਸ ਖੇਡ ਵਿਚ ਕੁਝ ਸਾਡੇ ਆਪਣੇ ਹੀ ਭਰਾ ਵੱਧ ਚੜ੍ਹਕੇ ਹਿੱਸਾ ਲੈਣ ਜਾ ਰਹੇ ਹਨ। ਜੋ ਬੇਸ਼ਕ ਕਿਸੇ ਸਾਜਸ਼ ਦੇ ਅਧੀਨ ਅਜਿਹਾ ਨਹੀਂ ਕਰ ਰਹੇ ਪਰ ਸੱਚ ਇਹ ਵੀ ਹੈ ਕਿ ਸਾਡੇ ਵਿਚ ਖੁਦ ਨੂੰ ਵਧ ਤੋਂ ਵੱਧ ਸਿਆਣਾ ਸਿੱਧ ਕਰਨ ਦੀ ਇਕ ਦੌੜ ਜਹੀ ਲੱਗ ਗਈ ਹੈ ਅਤੇ ਇਹ ਦੌੜਾਂ ਕਰਵਾਉਣ ਲਈ ਵੀ ਰੋਜ਼ਾਨਾ ਸਪੋਕਸਮੈਨ ਹੀ ਜਿੰਮੇਵਾਰ ਹੈ। ਜਿਸ ਦੇ ਸਿੱਖ ਵਿਰੋਧੀ ਸੂਖਮ ਭਾਵਾਂ ਨੂੰ ਸਮਜਣਾ ਹਰ ਬੰਦੇ ਦੇ ਵੱਸ ‘ਚ ਨਹੀਂ ਹੈ। ਤੁਹਾਨੂੰ ਯਾਦ ਹੋਵੇਗਾ 2004 ‘ਚ ਜਦੋਂ ਖਾਲਸਾ ਪੰਥ ਗੁਰੂ ਗ੍ਰੰਥ ਸਾਹਿਬ ਦਾ 4 ਸੌ ਸਾਲਾ ਪਹਿਲਾ ਪ੍ਰਕਾਸ਼ ਮਨਾ ਰਿਹਾ ਸੀ ਤਾਂ ਸਿੱਖ ਲੇਖਕਾਂ ਅਤੇ ਪ੍ਰਚਾਰਕਾਂ ਨੇ ਆਪਣੀਆਂ ਲੜੀਵਾਰ ਪ੍ਰਾਪਤੀਆਂ ਦੇ ਨਾਲ ਜੋ ਆਪਣੀ ਸਭ ਤੋਂ ਵੱਡੀ ਮਾਰਕੇ ਵਾਲੀ ਪ੍ਰਾਪਤੀ ਦੁਨੀਆਂ ਨੂੰ ਗਣਾਈ ਸੀ ਕਿ ਸਿੱਖ ਇਕੋ ਇਕ ਦੁਨੀਆਂ ਦੀ ਅਜਿਹੀ ਕੌਮ ਹੈ ਜਿਸ ਦੇ ਰਹਿਬਰਾਂ ਵੱਲੋਂ ਆਪਣਾ ਧਰਮ ਗ੍ਰੰਥ ਆਪ ਲਿੱਖਿਆ ਅਤੇ ਸੰਪਾਦਤ ਕੀਤਾ ਗਿਆ। ਇਸ ਦੀ ਕਾਟ ਸਿੱਖ ਵਿਰੋਧੀ ਲਾਬੀ ਵੱਲੋਂ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਤੋਂ ਕਿਵੇਂ ਕਰਵਾਈ ਗਈ। ਜਿਸ ਦਾ ਜਿ਼ਕਰ ਮੈਂ ਪਿਛਲੇ ਲੇਖ ਵਿਚ ਕਰ ਚੁੱਕੀ ਹਾਂ ਕਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਨਹੀਂ ਕੀਤਾ। ਇਹ ਕਹਿਣਾ ਹੈ ਸ. ਜੋਗਿੰਦਰ ਸਿੰਘ ਦਾ ਜਿਸ ਦੇ ਬਹੁਤ ਸਾਰੇ ਗਵਾਹਾਂ ਦੇ ਨਾਲ ਮੈਂ ਅਤੇ ਸ. ਬਚਿੱਤਰ ਸਿੰਘ ਆਹਲੂਵਾਲੀਆਂ ਚਸਮਦੀਦ ਗਵਾਹ ਹਾਂ। ਅਸੀਂ ਸ. ਜੋਗਿੰਦਰ ਸਿੰਘ ਮੁੱਖ ਸੰਪਾਦਕ ਸਪੋਕਸਮੈਨ ਵੱਲੋਂ ਜੋ ਵੀ ਸਾਡੇ ਸਾਹਮਣੇ ਕਿਹਾ ਗਿਆ ਹੈ ਉਸਦਾ ਕੌਮ ਨੂੰ ਹਲਫੀਆ ਬਿਆਨ ਦਿਆਂਗੇ। ਇਸ ਲੇਖ ਦਾ ਅੰਤਮ ਵਿਸ਼ਾ ਹੈ ਗੁਰੂ ਪਦ: ਗੁਰੂ ਕਈ ਪ੍ਰਕਾਰ ਦੇ ਹਨ ਜੋ ਵੱਖ ਵੱਖ ਕਿਤਿਆਂ ਅਤੇ ਖੇਤਰਾਂ ਨਾਲ ਜੁੜੇ ਹੋਏ ਹਨ। ਜਿਨਾਂ ਵਿੱਚ ਪ੍ਰਮੁੱਖ ਹੈ ਅਧਿਆਤਮਕ ਗੁਰੂ ਜੋ ਅਸਲ ਤੋਂ ਕਿਤੇ ਵੱਧ ਨਕਲੀ ਗਹਿਣਿਆਂ ਵਾਂਗ ਬਜ਼ਾਰ ‘ਚ ਪਹੁੰਚ ਗਿਆ ਹੈ ਪਰ ਇਸ ਦਾ ਮਤਲਬ ਇਹ ਵੀ ਤਾਂ ਨਹੀਂ ਹੈ ਕਿ ਨਕਲ ਦੀ ਬਹੁਤਾਤ ਤੋਂ ਤੰਗ ਆ ਕੇ ਅਸਲ ਦੀ ਪਛਾਣ ਜਾਂ ਕਦਰ ਕਰਨੀ ਛੱਡ ਦਿੱਤੀ ਜਾਵੇ। ਨਵੀਂ ਪੀੜੀ ਦੇ ਵਿਦਵਾਨਾਂ ਦਾ ਮੱਤ ਹੈ ਕਿ ਫੈਲ ਚੁੱਕੇ ਗੁਰੂਡੱਮ ਨੂੰ ਰੋਕਣ ਲਈ ਗੁਰੂ ਨਾਨਕ ਸਾਹਿਬ ਅਤੇ ਦੱਸਾਂ ਹੀ ਪਾਤਸ਼ਾਹੀਆਂ ਦੇ ਨਾਵਾਂ ਨਾਲੋਂ ਗੁਰੂ ਪਦ ਹਟਾਉਣਾ ਪਵੇਗਾ ਅਤੇ ਇਸ ਦਰਜੇ ਦੇ ਵਿਦਵਾਨ ਆਪਣੀਆਂ ਲਿਖਤਾਂ ‘ਚ ਇਸ ਦੀ ਸ਼ੁਰੂਆਤ ਕਰ ਚੁੱਕੇ ਹਨ। ਉਨ੍ਹਾਂ ਦਾ ਮਤ ਹੈ ਕਿ ਸ਼ਰੀਰ ਨਾਸ਼ਵਾਨ ਹੈ ਅਤੇ ਇਸ ਲਈ ਸ਼ਰੀਰ ਗੁਰੂ ਨਹੀਂ ਹੋ ਸਕਦਾ। ਇਨ੍ਹਾਂ ਵਿਦਵਾਨ ਵੀਰਾਂ ਲਈ ਮੇਰਾ ਪਹਿਲਾਂ ਸਵਾਲ ਇਹ ਹੈ ਕਿ ਅੱਜ ਗੁਰੂ ਸਾਹਿਬਾਨ ਦੇ ਸ਼ਰੀਰ ਨਹੀਂ ਬਲਕਿ ਉਨ੍ਹਾਂ ਦੇ ਅਮਰ ਵਿਚਾਰਾਂ ਦੇ ਨਾਲ ਉਨ੍ਹਾਂ ਦੇ ਅਮਰ ਨਾਮ ਦਰਜ ਹਨ। ਅੱਜ ਕਿਹੜੇ ਸ਼ਰੀਰ ਨੂੰ ਅਸੀਂ ਗੁਰੂ ਮੰਨਣੋ ਇਨਕਾਰ ਕਰਦੇ ਹਾਂ? ਅੱਜ ਸਾਡੇ ਸਾਹਮਣੇ ਸਿਰਫ਼ ਸ਼ਬਦ ਗੁਰੂ ਹੈ ਪਰ ਇਹ ਸ਼ਬਦ ਹਵਾ ‘ਚ ਉਡਕੇ ਨਹੀਂ ਆਏ। ਅੱਜ ਜੋ ਸ਼ਬਦ ਗੁਰੁ, ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਹੈ। ਇਨ੍ਹਾਂ ਸ਼ਬਦਾਂ ਨਾਲ 239 ਸਾਲ ਪਵਿਤ੍ਰ ਆਤਮਾਵਾਂ ਵਾਲੇ ਪਵਿੱਤਰ ਸ਼ਰੀਰਾਂ ਨੇ ਮਨੁਖਤਾ ਦੀ ਅਗਵਾਈ ਕੀਤੀ। ਅਗਰ ਸ਼ਰੀਰ ਜਨਮ ਦਾ ਅਤੇ ਮਰਦਾ ਹੈ ਤਾਂ ਸ਼ਬਦ ਵੀ ਜਨਮ ਦੇ ਅਤੇ ਮਰਦੇ ਵੀ ਹਨ ਬੇਸ਼ਕ ਸ਼ਰੀਰ ਨੂੰ ਜਨਮ ਲੈਣ ਵਾਸਤੇ ਇਸਤ੍ਰੀ-ਪੁਰਖ ਦਾ ਸੰਗ ਅਤੇ ਇਸਤ੍ਰੀ ਦਾ ਗਰਭ ਚਾਹੀਦਾ ਹੈ। ਪਰ ਸ਼ਬਦ ਇਸ ਬੰਧਨ ਤੋਂ ਮੁਕਤ ਹਨ। ਸ਼ਬਦਾਂ ਦੀ ਜਨਮ ਵਿੱਧੀ ਬਹੁਤ ਹੀ ਸੁੱਚਜੀ ਹੈ। ਸ਼ਬਦ ਦਿਲ ਦਿਮਾਗ ਚੋਂ ਉਪਜਦਾ ਅਤੇ ਮੁਖਾਰਬਿੰਦ ਚੋਂ ਜਨਮ ਦਾ ਹੈ। ਉਸ ਵਾਸਤੇ ਨਾਰੀ ਜਾਂ ਪੁਰਖ ਕੋਈ ਸ਼ਰਤ ਨਹੀਂ ਹੈ ਪਰ ਸ਼ਬਦ ਮਰਦੇ ਵੀ ਥੋੜੇ ਨਹੀਂ ਬਹੁਤਾਂਤ ਸ਼ਬਦਾਂ ਦੀ ਹਰ ਰੋਜ਼ ਜਨਮਦੀ ਅਤੇ ਹਰ ਰੋਜ਼ ਮਰਦੀ ਹੈ। ਮਰਨ ਵਾਲੇ ਸ਼ਬਦਾਂ ਦੇ ਮੁਕਾਬਲੇ ਜਿ਼ੰਦਾ ਰਹਿਣ ਵਾਲੇ ਕੁਝ ਗਿਣਤੀ ਦੇ ਹੀ ਸ਼ਬਦ ਹੁੰਦੇ ਹਨ। ਜਿਨ੍ਹਾਂ ਸ਼ਬਦਾਂ ਨੂੰ ਕੋਈ ਕੋਸ਼ ਮਿਲ ਜਾਂਦਾ ਹੈ। ਭਾਵ ਜੋ ਪ੍ਰਵਾਨ ਹੋ ਗਏ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਨੇ ਵੀ ਤਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਆਪਣੀ ਉਚਾਰਨ ਕੀਤੀ ਬਾਣੀ ਤੋਂ ਇਲਾਵਾ ਭਗਤਾਂ ਦੇ ਗੁਰਮਤਿ ਅਨੁਸਾਰ ਚੋਣਵੇਂ ਸ਼ਬਦਾਂ ਨੂੰ ਆਦਿ ਗ੍ਰੰਥ ਦੇ ਰੂਪ ‘ਚ ਸੰਭਾਲ ਕੇ ਮਨੁਖਤਾ ਦੀ ਅਗਵਾਈ ਲਈ ਸਦਾ ਵਾਸਤੇ ਸਥਾਪਤ ਕਰ ਦਿੱਤਾ । ਇਤਿਹਾਸ ਵਿਚੋਂ ਵੀ ਇਹ ਗਵਾਹੀ ਮਿਲਦੀ ਹੈ ਕਿ ਪੰਜਵੇਂ ਪਾਤਸ਼ਾਹ ਨੇ ਗੁਰਮਤਿ ਦੇ ਵਿਰੋਧੀਆਂ ਵੱਲੋਂ ਗੁਰਬਾਣੀ ‘ਚ ਰਲੇਵਾਂ ਕੀਤੇ ਜਾਣ ਤੋਂ ਸੁਚੇਤ ਹੋ ਕੇ ਸਭ ਤੋਂ ਪਹਿਲਾਂ ਗੁਰਬਾਣੀ ਨੂੰ ਭਗਤ ਬਾਣੀ ਸਮੇਤ ਸੁਰਖਿਅਤ ਰੱਖਣ ਲਈ ਆਦਿ ਗ੍ਰੰਥ ਦਾ ਸੰਪਾਦਨ ਕੀਤਾ। ਜੋ ਬਾਅਦ ਵਿਚ ਗੁਰੂ ਗ੍ਰੰਥ ਸਾਹਿਬ ਦੇ ਰੂਪ ‘ਚ ਪ੍ਰਕਾਸ਼ਮਾਨ ਹੋਇਆ। ਸ਼ਬਦ ਚੰਗੇ ਵੀ ਹੁੰਦੇ ਹਨ ਅਤੇ ਸ਼ਬਦ ਭੈੜੇ ਵੀ ਹੁੰਦੇ ਹਨ ਪਰ ਕੁੱਲ ਮਿਲਾਕੇ ਸ਼ਬਦਾਂ ਦੀ ਆਪਣੀ ਵੱਖਰੀ ਕੋਈ ਹੋਂਦ ਨਹੀਂ ਹੁੰਦੀ ਅਤੇ ਨਾ ਹੀ ਉਹ ਬਿਨਾ ਬੋਲਾਇਆਂ ਬੋਲ ਸਕਦੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪ ਕੇ ਤਾਹਿਓਂ ਤਾਂ ਖਾਲਸਾ ਪੰਥ ਨੂੰ ਉਸਦਾ ਤਾਬਿਆਦਾਰ ਬਣਾਇਆ ਅਤੇ ਇਸ ਵਾਸਤੇ ਹੀ ਪੰਜ ਪ੍ਰਧਾਨੀ ਪ੍ਰਬੰਧ ਲਾਗੂ ਕੀਤਾ। ਸ਼ਬਦ ਨੂੰ ਉਚਾਰਨ ਵਾਸਤੇ ਵੀ ਰਸਨਾ ਚਾਹੀਦੀ ਹੈ। ਜਿਸ ਲਈ ਅਕਾਲ ਪੁਰਖ ਆਪਣੀ ਸ਼ੇਸਟ ਸੰਤਾਨ ਮਨੁੱਖ ਦੀ ਚੋਣ ਕਰਦਾ ਹੈ ਪਰ ਮਨੁੱਖਾਂ ਚੋਂ ਵੀ ਪਰਮ ਮਨੁੱਖਾਂ ਨੂੰ ਇਹ ਰੁਤਬਾ ਹਾਸਲ ਹੋਇਆ ਹੈ। ਆਤਮਾ ਅਤੇ ਸ਼ਰੀਰ ਇਕ ਦੂਜੇ ਦੇ ਪੂਰਕ ਹਨ। ਇਕ ਦੂਜੇ ਤੋਂ ਬਿਨਾ ਇਨਾਂ ਦੋਹਾਂ ਦੀ ਕੋਈ ਹੋਂਦ ਦਰਸਾਈ ਨਹੀਂ ਜਾ ਸਕਦੀ। ਗੁਰੂ ਨਾਨਕ ਜੋਤ ਨੇ ਦੱਸ ਜਾਂਮਿਆਂ ‘ਚ ਵਿਚਰ ਕੇ ਮਨੁੱਖਤਾ ਨੂੰ ਜੋ ਸੁੱਚਜੇ ਜੀਵਨ ਦੇ ਗੁਰ ਦੱਸੇ ਉਹ ਗੁਰਬਾਣੀ ਹੈ ਇਸ ਵਾਸਤੇ ਗੁਰਬਾਣੀ ਦੇ ਰਚਣਹਾਰ ਸਾਡੇ ਗੁਰੂ ਹਨ। ਇਸ ਤੋਂ ਮੁਨਕੱਰ ਹੋਣਾ ਵਿਦਵਤਾ ਨਹੀਂ ਬਲਕਿ ਨਾਮਸਝੀ ਦੀ ਹੱਦ ਹੈ। ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਵਾਯੂ ਮੰਡਲ ਵਿੱਚ ਇਕ ਆਵਾਜ਼ ਸੀ ਪਰ ਸ੍ਰਿ਼ਸ਼ਟੀ ਦੀ ਸਿਰਜਣਾ ਤੋਂ ਬਾਅਦ ਉਸ ਆਵਾਜ਼ ਨੂੰ ਮਨੁੱਖੀ ਰਸਨਾ ਦੇ ਜਰੀਏ ਸ਼ਬਦ ਮਿਲੇ। ਗੁਰਮਤਿ ਅਨੁਸਾਰ ਇਕ ਸ਼ਬਦ ਜੋ ਸਦੀਵ ਹੈ ਅਤੇ ਜਿਸ ਦੁਆਲੇ ਅਨੇਕਾਂ ਸ਼ਬਦ ਘੁੰਮਦੇ ਹਨ। ਉਹ ਮੁਬਾਰਕ ਸ਼ਬਦ ਵੀ ਗੁਰੂ ਦੀ ਰਹਿਮਤ ਸਦਕਾ ਹੀ ਸਾਨੂੰ ਮਿਲਿਆ ਹੈ। |