|
asIN afp, sfzy mF bfp, sfzf aflf duaflf,tIvI aqy mIzIaf df asr
ਇਸ ਵਿਸ਼ੇ ’ਤੇ ਹਰ ਸਿੱਖ ਨੂੰ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਭ ਤੋਂ ਮੁੱਢਲੇ ਕਾਰਨ ਹਨ ਜਿਸ ਕਰਕੇ ਅੱਜ ਦਾ ਸਿੱਖ, ਗੁਰੂ ਅਤੇ ਰੱਬ ਦੇ ਡਰ ਨੂੰ ਭੁੱਲ ਚੁੱਕਾ ਹੈ। ਇਹ ਸਚਾਈ ਹੈ ਕਿ ਇਸ ਸਮੇਂ ਦੇ ਮਾਂ ਪਿਉ, ਸਾਡਾ ਆਲਾ ਦੁਆਲਾ, ਟੀ.ਵੀ. ਅਤੇ ਮੀਡੀਆ ਆਦਿ ਦਾ ਪ੍ਰਭਾਉ ਸਾਡੇ ਜੀਵਨ ਨੂੰ ਕੁਰਾਹੇ ਪਾ ਰਿਹਾ ਹੈ। ਖਾਸ ਕਰਕੇ ਬੱਚੇ ਅਤੇ ਨੌਜੁਆਨ ਜੇ ਦੇਖਦੇ ਹਨ ਉਸਨੂੰ ਅਪਨਾਉਣ ਵਿੱਚ ਕਿਸੇ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦੇ। ਹਾਂ ਜੀ! ਇਹੀ ਸੋਚ ਉਹਨਾਂ ਦੇ ਦਿਲਾਂ ਵਿੱਚੋਂ ਰੱਬ ਅਤੇ ਗੁਰੂ ਦੇ ਡਰ ਨੂੰ ਕੋਹਾਂ ਦੂਰ ਕਰ ਦੇਂਦੀ ਹੈ। ਪਰ ਇਕ ਗਲ ਸਾਨੂੰ ਸਪਸ਼ਟ ਹੋਣੀ ਬਹੁਤ ਜਰੂਰੀ ਹੈ ਕਿ ਜਦੋਂ ਤੱਕ ਬੱਚਿਆਂ ਦੇ ਮਾਂਪੇ ਸਿੱਖੀ ਵਿੱਚ ਪਰਪੱਕ ਨਹੀਂ ਹੋਣਗੇ ਉਦੋਂ ਤੱਕ ਸਿੱਖ ਨੌਜੁਆਨ ਬੱਚੇ ਸਿੱਖੀ ਸਰੂਪ ਦੀ ਕਦਰ ਨਹੀਂ ਕਰਨਗੇ। ਕੇਵਲ ਬੱਚਿਆਂ ਤੇ ਜੋਰ ਪਾਉਣ ਨਾਲ ਕਾਰਜ਼ ਸਫਲ ਹੋਣ ਵਾਲਾ ਨਹੀਂ ਹੈ। ਦਾਸ ਜਾਣਦਾ ਹੈ ਕਿ ਢਹਿੰਦੀ ਕਲਾ ਦੀ ਸੋਚ ਕਿਸੇ ਵੀ ਕੰਮ ਲਈ ਹਾਣੀ ਕਾਰਕ ਸਾਬਤ ਹੋ ਸਕਦੀ ਹੈ ਪਰ ਸਭ ਕੁਝ ਦੇਖਦਿਆਂ ਹੋਇਆਂ ਹਵਾਈ ਬਣਾਉਣੇ ਵੀ ਠੀਕ ਨਹੀਂ ਹੁੰਦੇ। ਅੱਜ ਦਾ ਨੌਜੁਆਣ ਕੱਲ ਦਾ ਮਾਂ ਪਿਉ ਹੈ ਅਤੇ ਹਰ ਮਾਂ ਪਿਉ ਦਾ ਜੀਵਨ ਢੰਗ ਉਹਨਾਂ ਦੇ ਬੱਚਿਆਂ ਲਈ ਉਦਾਹਰਣ ਹੈ। ਸਭ ਤੋਂ ਪਹਿਲਾਂ ਬੱਚਾਂ ਮਾਂ ਪਿਉ ਤੋਂ ਮਾਂ ਬੋਲੀ ਸਿੱਖਦਾ ਹੈ ਅਤੇ ਜੇਕਰ ਉਹ ਅੰਗਰੇਜ਼ੀ ਜਾਂ ਹਿੰਦੀ ਨੂੰ ਪਹਿਲ ਦੇਂਦੇ ਹਨ ਤਾਂ ਬੱਚੇ ਨੂੰ ਪੰਜਾਬੀ ਬੋਲਣੀ ਕਿਥੋਂ ਆ ਸਕਦੀ ਹੈ। ਪੰਜਾਬੀ ਨਾ ਆਉਣ ਕਰਕੇ ਬੱਚਿਆਂ ਨੂੰ ਗੁਰਮਤਿ ਦੀ ਸੋਝੀ ਨਹੀਂ ਹੁੰਦੀ। ਸ਼ਾਇਦ ਆਪ ਨੂੰ ਗਿਆਨ ਨਾ ਹੋਵੇ ਕਿ ਬੋਲੀ ਦੇ ਮਾਹਿਰਾਂ ਨੇ ਐਸੀ ਭਵਿੱਖ ਬਾਣੀ ਕੀਤੀ ਹੈ ਕਿ ਪੰਜਾਬੀ (ਮਾਂ ਬੋਲੀ) ਆਉਣ ਵਾਲੇ 30 ਸਾਲਾਂ ਵਿਚ ਕੇਵਲ 20× ਸਿੱਖ ਬੋਲਣਗੇ ਅਤੇ ਕੋਈ 50 ਸਾਲਾਂ ਵਿੱਚ ਪੰਜਾਬੀ ਅਲੋਪ ਹੋ ਜਾਵੇਗੀ। ਕੇਵਲ ਗੁਰਦੁਆਰਿਆਂ ਦੇ ਭਾਈ, ਰਾਗੀ ਜਾਂ ਪ੍ਰਚਾਰਕ ਆਦਿ ਭਾਰਤ ਵਿਚ ਪੰਜਾਬੀ ਬੋਲਣਗੇ। ਪ੍ਰਦੇਸਾਂ ਵਿੱਚ ਤਾਂ ਪੰਜਾਬੀ ਬੋਲੀ ਤੀਸਰੀ ਪੀੜ੍ਹੀ ਵਿੱਚ ਖਤਮ ਹੋ ਹੀ ਜਾਂਦੀ ਹੈ। ਇਸੇ ਤਰ੍ਹਾਂ ਅੱਜ ਦੇ ਹਰ ਸਿੱਖ, ਮਾਂ ਪਿਉ ਦੇ ਪਹਿਰਾਵੇ, ਰਹਿਣ ਸਹਿਣ ਤੋਂ ਅਤੇ ਗੁਰਬਾਣੀ ਉਪਦੇਸ਼ ਨੂੰ ਜੀਵਨ ਵਿਚ ਨਾ ਧਾਰਣ ਅਤੇ ਕੇਸਾਂ ਦੀ ਸੰਭਾਲ ਨਾ ਕਰਨ ਕਰਕੇ ਸਿੱਖੀ ਸਰੂਪ ਦੇ ਭਵਿੱਖ (ਦਿੱਖ) ਨੂੰ ਬਰਕਰਾਰ ਰੱਖਣ ਲਈ ਸੰਸੇ ਪੈਦਾ ਹੋ ਰਹੇ ਹਨ। ਪਹਿਲਾਂ ਤਾਂ ਸਾਡਾ ਆਲਾ ਦੁਆਲਾ ਅਤੇ ਭੈੜੀ ਸੰਗਤ ਸਿੱਖੀ ਤੋਂ ਦੂਰ ਜਾਣ ਲਈ ਨੌਜੁਆਨ ਬੱਚਿਆਂ ਨੂੰ ਉਕਸਾਂਦੇ ਹਨ ਫਿਰ ਜੋ ਕਸਰ ਰਹਿ ਜਾਂਦੀ ਹੈ, ਉਹ ਜਿਹੜੇ ਮਾਂ ਪਿਉ ਘਰਾਂ ਵਿਚ ਸ਼ਰਾਬਾਂ ਦੇ ਦੌਰ ਚਲਾਂਉਦੇ ਹਨ, ਆਪਣੇ ਮੂੰਹ ਤੇ ਦਾੜੀ ਨੂੰ ਕੱਟ ਕੇ ਰੱਖਦੇ ਹਨ, ਜਾਂ ਕਲੀਨ ਸ਼ੇਵ ਕਰਦੇ ਹਨ, ਪੂਰੀ ਕਰ ਦੇਂਦੇ ਹਨ। ਅੱਜ ਸਿੱਖੀ ਵਿਚ ਆ ਰਹੀ ਗਿਰਾਵਟ ਦਾ ਮੁੱਖ ਕਾਰਣ ਸਿੱਖਾਂ ਵਿਚ ਸ਼ਰਾਬ ਦੀ ਵਰਤੋਂ ਹੈ ਜੋ ਗੁਰੂ ਦੇ ਡਰ ਨੂੰ ਬਿਲਕੁਲ ਵਿਸਾਰ ਦਿੰਦੀ ਹੈ। ਜਿਹੜੀਆਂ ਸਿੱਖ ਮਾਂਵਾ ਅਪਣੇ ਭਰਵੱਟੇ ਸਵਾਂਰਦੀਆਂ ਹਨ, ਘੰਟਿਆਂ ਬੱਧੀ ਪਾਰਲਰ ਵਿਚ ਮੇਕਅਪ ਕਰਵਾਉਣ ਜਾਂਦੀਆਂ ਹਨ, ਉਹਨਾਂ ਦੀਆਂ ਧੀਆਂ ਤੋਂ ਕੀ ਉਮੀਦ ਕਰ ਸਕਦੇ ਹੋ? ਗੁਰਦੁਆਰੇ ਜਾਣਾ ਅਤੇ ਪਾਠ ਕਰਨਾ ਉਹਨਾਂ ਦੇ ਕਰਮ ਕਾਂਡ ਹਨ, ਕਰੀ ਜਾ ਰਹੇ ਹਨ। ਇਹ ਝੂਠ ਨਹੀਂ ਹੈ, ਸਗੋਂ ਉਹਨਾਂ ਦੇ ਜੀਵਨ ਦੀ ਤਸਵੀਰ ਸਾਡੇ ਸਾਮ੍ਹਣੇ ਹੈ। ਧਿਆਨ ਦੇਣ ਵਾਲੀ ਜਰੂਰੀ ਗੱਲ ਇਹ ਹੈ ਕਿ ਜੋ ਸਿੱਖੀ ਦੀ ਰਹਿਣੀ ਨੂੰ ਤਿਆਗ ਦੇਂਦਾ ਹੈ ਉਸ ਦੇ ਹਿਰਦੇ ਵਿੱਚੋਂ ਰੱਬ ਅਤੇ ਗੁਰੂ ਦਾ ਡਰ ਕੋਹਾਂ ਦੂਰ ਚਲੇ ਜਾਂਦਾ ਹੈ। ਅੱਜ ਆਪਣੇ ਆਪ ਨੂੰ ਮੌਡਰਨ ਸਿੱਖ ਅਖਵਾਉਣ ਵਾਲੇ ਮਾਂ ਪਿਉ, ਬੱਚਿਆਂ ਨੂੰ ਖੁਦ ਹੀ ਰਸਾਤਲ ਵੱਲ ਧੱਕ ਰਹੇ ਹਨ ਅਤੇ ਅੰਤ ਨੂੰ ਅੱਖਾਂ ਵਿਚ ਘਸੁਨ ਦੇਕੇ ਰੋਣ ਤੋਂ ਸਿਵਾ ਉਹਨਾਂ ਦੇ ਹੱਥ ਪੱਲੇ ਕੁਝ ਵੀ ਨਹੀਂ ਪੈਂਦਾ। ਪਰ ਇਸ ਵੇਲੇ ਉਹ ਰੰਕ ਰਲੀਆਂ ਮਾਣਦੇ ਨਹੀਂ ਥੱਕਦੇ। ਸਗੋਂ ਦੂਸਰਿਆਂ ਨੂੰ ਮੱਤਾਂ ਦੇਂਦੇ ਹਨ। ਅਤੇ ਜੇ ਕੋਈ ਗੁਰੂ ਨੂੰ ਬੇਦਾਵਾ ਦਿੱਤੇ ਜਾਣ ਦੀ ਗੱਲ ਕਰੇ ਤਾਂ ਉਸਦਾ ਬੁਰਾ ਮੰਨਾ ਕੇ ਬੋਲਨੋਂ ਵੀ ਚਲਾ ਜਾਂਦੇ ਹਨ। ਜਿਹੜੇ ਸਿੱਖ ਮਾਂ ਪਿਉ ਸਿਰਫ ਬੱਚਿਆਂ ਨੂੰ ਚੰਗੇ ਕਪੜੇ, ਚੰਗੇ ਸਕੂਲ, ਉਹਨਾਂ ਦੇ ਖਾਣ ਪੀਣ ਅਤੇ ਹਰ ਰੰਗ ਰਲੀਆਂ ਮੰਨਾਉਣ ਦੀਆਂ ਸਹੂਲਤਾਂ ਮੁਹੱਈਆਂ ਕਰਨ ਅਤੇ ਕੀਮਤੀ ਤੋਹਫੇ ਦੇਣ, ਸੈਰ ਸਪਾਟੇ ਕਰਵਾਉਣ ਨੂੰ ਪਹਿਲ ਦੇਂਦੇ ਹਨ ਅਤੇ ਬੱਚੇ ਦੀ ਮੰਗ ਤੋਂ ਪਹਿਲਾਂ ਹੀ ਉਸਨੂੰ ਪੂਰੀ ਕਰਨ ਦੀ ਦੌੜ ਵਿੱਚ ਦਿਨ ਰਾਤ ਖੱਜਲ ਖਰਾਬ ਹੁੰਦੇ ਹਨ, ਅੰਤ ਨੂੰ ਪਛੁਤਾਉਂਦੇ ਹਨ। ਕਿਉਂਕਿ ਇਹ ਬੱਚੇ ਆਮ ਕਰਕੇ ਵੱਡੇ ਹੋਕੇ ਆਪਹੁਦਰੇ ਹੋ ਜਾਂਦੇ ਹਨ। ਸਿੱਖੀ ਮਾਰਗ ਉਹਨਾਂ ਨੂੰ ਔਖਾ ਲਗਦਾ ਹੈ ਅਤੇ ਅਤੇ ਅੱਜ ਦੀ ਫੈਸ਼ਨ ਪ੍ਰਸਤੀ ਇਨ੍ਹਾਂ ਨੂੰ ਚੰਗੀ ਲਗਦੀ ਹੈ। ਸਮਝਣ ਵਾਲ ਗੱਲ ਇਹ ਹੈ ਕਿ ਸਿੱਖ ਅਖਵਾਉਣ ਵਾਲੇ ਹਰ ਮਾਂ ਪਿਉ ਦਾ ਐਸਾ ਕਦਮ ਜੋ ਬੱਚਿਆਂ ਨੂੰ ਸਿੱਖੀ ਤੋਂ ਦੂਰ ਲੈ ਜਾਂਦਾ ਹੈ ਉਹ ਐਂਵੇਂ ਹੈ ਜਿਵੇਂ ਕੋਈ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰ ਰਹਿਆ ਹੋਵੇ। ਸਿੱਖ ਮਾਂ ਪਿਉ ਇਹ ਸਮਝਣ ਕਿ ਜਿਥੇ ਉਹ ਬੱਚਿਆਂ ਨੂੰ ਦੁਨਿਆਵੀ ਸਹੂਲਤਾਂ ਦੇਂਦੇ ਹਨ ਉੱਥੇ ਨਾਲੋ ਨਾਲ ਸਿੱਖ ਧਰਮ ਅਨੁਸਾਰ ਜੀਵਨ ਜਾਚ (ਸਿੱਖ ਧਰਮ ਦੀ ਜਾਣਕਾਰੀ) ਸਿਖਾਉਣ ਦੀ ਜਿੰਮੇਵਾਰੀ ਵੀ ਉਹਨਾਂ ਦੀ ਹੀ ਹੈ। ਬਸ ਇਹੋ ਜਿੰਮੇਵਾਰੀ ਉਹ ਭੁੱਲੀ ਜਾ ਰਹੇ ਹਨ। ਕਦੀ ਕਿਸੇ ਨੇ ਦੇਖਿਆ ਹੈ ਕਿ ਕਿਸੇ ਪੇੜ ਦੀਆਂ ਜੜ੍ਹਾਂ ਸੜ ਜਾਣ ਪਰ ਉਸਦੇ ਪੱਤੇ ਫਿਰ ਵੀ ਹਰੇ ਭਰੇ ਰਹਿਣ ਜਾਂ ਉਸਤੇ ਕੋਈ ਫਲ ਲੱਗ ਜਾਵੇ? ਜੇਕਰ ਇਹ ਨਹੀਂ ਹੋ ਸਕਦਾ ਤਾਂ ਜਿਸ ਸਿੱਖ ਦੇ ਆਪਣੇ ਕੇਸ ਨਹੀਂ ਜਾਂ ਦਾੜੀ ਕਟੀ ਹੋਈ ਹੈ ਤਾਂ ਉਹ ਇਹ ਕਿਸ ਤਰ੍ਹਾਂ ਸੋਚ ਸਕਦਾ ਹੈ ਕਿ ਉਸਦੇ ਬੱਚੇ ਵੱਡੇ ਹੋ ਕੇ ਸਿੱਖੀ ਸਰੂਪ ਵਿੱਚ ਰਹਿਣਗੇ? ਅੱਜ ਸਿੱਖ ਘਰਾਂ ਦੀਆਂ ਬੱਚੀਆਂ ਕਲੀਨ ਸ਼ੇਵਨ ਮੁੰਡਿਆਂ ਨਾਲ ਵਿਵਾਹ ਕਰਨ ਨੂੰ ਪਹਿਲ ਦੇ ਰਹੀਆਂ ਹਨ। ਇਸ ਦੇ ਜਿੰਮੇਵਾਰ ਵੀ ਅਸੀਂ ਮਾਂਪੇ ਹੀ ਹਾਂ। ਕਿਉਂਕਿ ਜੇਕਰ ਬੱਚਿਆਂ ਦੇ ਭਰਾ, ਪਿਉ ਜਾਂ ਹੋਰ ਨੇੜੇ ਦੇ ਰਿਸ਼ਤੇਦਾਰ ਕਲੀਨ ਸ਼ੇਵਨ ਜਾਂ ਮੌਡਰਨ ਸਿੱਖ ਹੋਣਗੇ ਤਾਂ ਉਹਨਾਂ ਨੂੰ ਕਿਸ ਦਾ ਡਰ ਰਹਿ ਗਿਆ। ਉਹ ਕਿਉਂ ਪਿਛੇ ਰਹਿਣ ਲੱਗੀਆਂ। ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਿਓ ਜਰਾ ਸੋਚੋ! ਕੀ ਗੁਰੂ ਤੁਹਾਨੂੰ ਆਪਣਾ ਸਿੱਖ ਮੰਨਦਾ ਹੈ ਜਾਂ ਨਹੀਂ? ਕਿਤੇ ਤੁਸੀਂ ਗੁਰੂ ਨਾਲ ਧੱਕਾ ਤੇ ਨਹੀਂ ਕਰ ਰਹੇ ਹੋ? ਜਿਹੜੇ ਮਾਂ ਪਿਉ ਆਪ ਬੱਚਿਆਂ ਨੂੰ ਗੁਰਦੁਆਰੇ ਲੈ ਕੇ ਨਹੀਂ ਜਾਂਦੇ ਜਾਂ ਜਾਂਦੇ ਹੀ ਭੋਗ ਪੈਣ ਦੇ ਸਮੇਂ ਤੇ ਹਨ ਅਤੇ ਉੱਥੇ ਘੰਟਾ ਅੱਧਾ ਘੰਟਾ ਗੁਰਮਤਿ ਨੂੰ ਧਾਰਨ ਕਰਨ ਲਈ ਬੈਠਦੇ ਵੀ ਨਹੀਂ ਸਗੋਂ ਲੰਗਰ ਖਾਧਾ ਅਤੇ ਸ਼ੌਪਿੰਗ ਕਰਨ ਨੂੰ ਭੱਜਦੇ ਹਨ ਉਹਨਾਂ ਦੇ ਬੱਚਿਆਂ ਦਾ ਭਵਿੱਖ ਚੰਗਾ ਹੋਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ। ਕਈ ਮਾਪੇ ਬੱਚਿਆਂ ਨੂੰ ਜੇਕਰ ਗੁਰਦੁਆਰੇ ਲੈ ਵੀ ਜਾਣ ਤਾਂ ਉਹਨਾਂ ਨੂੰ ਖੇਡਣ ਵਾਸਤੇ ਬਾਹਰ ਛੱਡ ਦੇਂਦੇ ਹਨ। ਸੋਚੋ ਜਿਹੜੇ ਬੱਚੇ ਅੱਜ ਟਿੱਕ ਕੇ ਤੁਹਾਡੇ ਲਾਗੇ ਨਹੀਂ ਬੈਠ ਸਕਦੇ ਉਹ ਵੱਡੇ ਹੋ ਕੇ ਕੀ ਕਰਨਗੇ? ਬੱਚਿਆਂ ਨੂੰ ਮਾਵਾਂ ਜਿਆਦਾਂ ਜਾਣਦੀਆਂ ਹੁੰਦੀਆਂ ਹਨ ਕਿਉਂਕਿ ਬੱਚੇ ਆਮ ਕਰਕੇ ਪਿਉ ਤੋਂ ਡਰਦੇ ਰਹਿੰਦੇ ਹਨ। ਜਿਸ ਕਰਕੇ ਮਾਵਾਂ ਨੂੰ ਬੱਚਿਆਂ ਦੇ ਛੋਟੇ ਹੁੰਦਿਆਂ ਤੋਂ ਹੀ ਸਿੱਖ ਧਰਮ ਦੀ ਸਿਖਿਆ ਦੇਣੀ ਸ਼ੁਰੂ ਕਰਨੀ ਚਾਹੀਦੀ ਹੈ। ਪਰ ਜੇਕਰ ਮਾਂ ਪਿਉ ਆਪ ਆਪਣੇ ਫਰਜ਼ ਤੋਂ ਅਵੇਸਲੇ ਹਨ ਤਾਂ ਸਿੱਖ ਬੱਚਿਆਂ ਦਾ ਭਵਿੱਖ ਚੰਗਾ ਹੋਣਾ ਸੰਭਵ ਨਹੀਂ ਹੈ। ਗੁਰਬਾਣੀ ਦੇ ਇਹ ਵਾਕ ਪੱਥਰ ਤੇ ਲਕੀਰ ਵਾਂਗ ਹਨ ਅਤੇ ਸਦਾ ਸੱਚ ਸਾਬਤ ਹੁੰਦੇ ਰਹਿਣਗੇ। ਜਿਹੜੇ ਬੱਚੇ ਸੁੱਖ ਤੋਂ ਸਿਵਾ ਕੁਝ ਨਹੀਂ ਦੇਖਦੇ ਉਹਨਾਂ ਨੂੰ ਵੱਡੇ ਹੋ ਕੇ ਗੁਰਦੁਆਰੇ ਜਾਣਾ ਬਹੁਤ ਔਖਾ ਲਗਦਾ ਹੈ ਅਤੇ ਗੁਰੁੂ ਦੀ ਭੈਅ ਭਾਵਣੀ (ਡਰ ਦਾ ਅਹਿਸਾਸ) ਉਨ੍ਹਾਂ ਦੇ ਹਿਰਦੇ ਵਿੱਚੋਂ ਉਡ ਜਾਂਦੀ ਹੈ। ਇਨ੍ਹਾਂ ਬੱਚਿਆਂ ਦੀ ਸੋਚ ਵਿੱਚ ਇਹ ਵੱਸ ਜਾਣ ਦੀ ਬਹੁਤ ਸੰਭਾਵਣਾ ਹੈ ਕਿ ਜੇਕਰ ਮੇਰੇ ਕੋਲ ਸਭ ਕੁਝ ਹੈ ਤਾਂ ਫਿਰ ਮੈਂ ਗੁਰਦੁਆਰੇ ਕਿਉਂ ਜਾਵਾਂ। ਮੇਰੇ ਮਾਂ ਪਿਉ ਗੁਰਦੁਆਰੇ ਗੁਰੂ ਤੋਂ ਦੁਨਿਆਵੀ ਸੁੱਖ ਹੀ ਤਾਂ ਮੰਗਣ ਜਾਂਦੇ ਹਨ। ਜਾਂ ਫਿਰ ਸਮਾਜਿਕ ਹੈ ਕਿ ਜਿੱਥੇ ਦੁਨਿਆਵੀ ਸੁੱਖਾਂ ਦਾ ਵਾਸਾ ਹੋਵੇ ਉੱਥੇ ਰੱਬ ਵਿਸਰ ਜਾਂਦਾ ਹੈ। ਚਾਹੀਦਾ ਤਾਂ ਇਹ ਸੀ ਕਿ ਘਰੋਂ ਤੁਰਰਣ ਵੇਲੇ ਅਤੇ ਗੁਰੁੂ ਕੋਲ ਪਹੁੰਚ ਕੇ ਸਾਡੀ ਇਹ ਭਾਵਨਾ ਹੁੰਦੀ, ਕਿ ਅਸੀਂ ਗੁਰੂ ਕੋਲ ਜਾ ਰਹੇ ਹਾਂ। ਪਰ ਇਹ ਭਾਵਨਾ ਹੈ ਨਹੀਂ, ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰੂਦੇ ਦਰਸ਼ਨਾਂ ਨੂੰ ਆਪਣੇ ਚੰਗੇ ਭਾਗ ਸਮਝੀਏ ਅਤੇ ਇਹ ਸ਼ਬਦ ਮਨ ਵਿਚ ਉਚਾਰੀਏ। ‘ਪੁਤਾ ਮਾਤਾ ਕੀ ਅਸੀਸ’ ਸ਼ਬਦ ਨੂੰ ਹਰ ਮਾਂ ਪਿਉ ਬੱਚੇ ਦੇ ਜਨਮ ਦਿਨ ਤੇ ਰਾਗੀ ਸਿੰਘਾਂ ਨੂੰ ਪੜ੍ਹਣ ਵਾਸਤੇ ਆਖਦੇ ਹਨ, ਪਰ ਕੀ ਕਦੀ ਮਾਵਾਂ ਇਸ ਸ਼ਬਦ ਨੂੰ ਆਪ ਵੀ ਬੱਚੇ ਦੇ ਜੀਵਨ ਦਾ ਪ੍ਰੇਰਣਾ ਸ੍ਰੋਤ ਬਣਾਉਂਦੀਆਂ ਹਨ? ਜੇ ਨਹੀਂ ਤਾਂ ਕੇਵਲ ਭਾਈ ਸਾਹਿਬ ਵੱਲੋਂ ਪੜ੍ਹਿਆ ਗਿਆ ਇਹ ਸ਼ਬਦ ਐਂਵੇ ਇਕ ਦਿਖਾਵਾ ਹੀ ਤਾਂ ਹੋਇਆ। ਸਿੱਖ ਮਾਵਾਂ ਨੂੰ ਇਹ ਸ਼ਬਦ ਜਦੋਂ ਬੱਚਾ ਛੋਟਾ ਹੋਵੇ ਤਾਂ ਇਸ ਦੀ ਲੋਰੀ ਦੇਣੀ ਚਾਹੀਦੀ ਹੈ। ਪਰ ਮਾਵਾਂ ਇੰਝ ਨਹੀਂ ਕਰਦਿਆਂ ਕਿਉਂਕਿ ਸਾਡੇ ਮਨ ਵਿਚ ਗੁਰੂ ਦਾ ਡਰ ਨਹੀਂ ਹੈ ਅਤੇ ਨਾ ਹੀ ਗੁਰੂ ਦੀ ਪ੍ਰਤੀਤ ਹੈ। ਭਾਈ ਸਾਹਿਬ ਵੀ ਇਹ ਸ਼ਬਦ ਪੜ੍ਹਣ ਤੋਂ ਬਾਅਦ ਦੀ ਮਾਪਿਆਂ ਨੂੰ ਸਲਾਹ ਨਹੀਂ ਦੇਂਦੇ ਕਿ ਭਾਈ ! ਸ਼ਬਦ ਤਾਂ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਪੜ੍ਹਵਾ ਲਿਆ ਹੁਣ ਇਸ ਨੂੰ ਜੀਵਨ ਵਿਚ ਧਾਰਨ ਦੀ ਜਿੰਮੇਵਾਰੀ ਤੁਹਾਡੇ ਤੇ ਹੈ। ਚੰਗਾ ਹੋਵੇ ਕਿ ਸਿੱਖ ਬੀਬੀਆਂ ਇਹ ਸ਼ਬਦ ਯਾਦ ਕਰਨ ਤੇ ਬੱਚੇ ਨੂੰ ਸਦਾ ਸੁਣਾਉਣਾ ਨਾ ਭੁਲੱਣ। ਦੇਖੋ! ਇਸ ਸ਼ਬਦ ਵਿਚ ਕੀ ਅਸੀਸ ਹੈ। ਇਸ ਸ਼ਬਦ ਦਾ ਸਥਾਈ ‘‘ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰ ਨਦਰਿ ਕਰੇਇ’’ ਹੈ। ‘‘ਲਖ ਖੁਸ਼ੀਆਂ ਪਾਤਿਸ਼ਾਹੀਆਂ’’ ਇਸ ਦਾ ਤਾਂ ਅਸੀਂ ਧਿਆਨ ਰੱਖਦੇ ਹਾਂ ਪਰ ‘‘ਜੇ ਸਤਿਗੁਰ ਨਦਰਿ ਕਰੇਇ’ ਸਾਡੀ ਸੁਰਤ ਵਿਚ ਨਹੀਂ ਵੱਸਦਾ। ਖਾਸ ਕਰਕੇ ਸਤਿਗੁਰੂ ਜੀ ਨੇ ‘ਜੇ’ ਇਕ ਸ਼ਰਤ ਵਜੋਂ ਵਰਤਿਆ ਹੈ ਪਰ ਇਸਨੂੰ ਅਸੀਂ ਭੁੱਲੇ ਰਹਿੰਦੇ ਹਾਂ। ਸਾਨੂੰ ਮਤਲਬ ਲਖ ਖੁਸ਼ੀਆਂ ਤੇ ਪਾਤਸ਼ਾਹੀਆਂ ਨਾਲ ਹੀ ਹੈ ਅਤੇ ਸਮਝਦੇ ਹਾਂ ਕਿ ਸ਼ਬਦ ਪੜ੍ਹੇ ਜਾਣ ਨਾਲ ਅਸੀਂ ਗੁਰੂ ਜੀ ਦਾ ਧੰਨਵਾਦ ਵੀ ਕਰ ਦਿੱਤਾ ਅਤੇ ਅਗੋਂ ਲਈ ਰਹਿਮਤ ਵੀ ਮਿਲ ਗਈ। ਭਾਂਵੇ ਉਸੇ ਦਿਨ ਸ਼ਾਮ ਨੂੰ ਘਰ ਵਿੱਚ ਸ਼ਰਾਬਾਂ ਦੀ ਪਾਰਟੀ ਕਰਦੇ ਹੋਈਏ। ਸਾਡੇ ਖਿਆਲ ਵਿੱਚ ਸਤਿਗੁਰੂ ਦੀ ਨਦਰ ਭਾਈ ਸਾਹਿਬ ਦੇ ਸ਼ਬਦ ਪੜ੍ਹਣ ਨਾਲ ਮਿਲ ਜਾਂਦੀ ਹੈ। ਐਸਾ ਹੋ ਹੀ ਨਹੀਂ ਸਕਦਾ। ਕਬੀਰ ਜੀ ਨੇ ਇਹੀ ਤਾਂ ਗੁਰਬਾਣੀ ਰਾਹੀਂ ਸਾਨੂੰ ਸਮਝਾਇਆ ਹੈ। ਉਸ ਕਰਤੇ ਦੀ ਰਹਿਮਤ ਦੇ ਪਾਤਰ ਬਣਨਾ ਇਤਨਾ ਆਸਾਨ ਨਹੀਂ ਹੈ। ਉਸ ਕਰਤੇ ਦੀ ਖੁਸ਼ੀ ਜਾਂ ਨਦਰ ਆਪਣਾ ਮਨ ਉਸ ਨੂੰ ਦੇਣ (ਆਪਣੀਆਂ ਚਤੁਰਾਈਆਂ ਛੱਡਕੇ ਸ਼ਰਨ ਪੈਣ) ਨਾਲ ਮਿਲਦੀ ਹੈ। ਇਹ ਨਦਰ, ਕਰਮ ਕਾਂਡਾਂ ਜਾਂ ਧੰਨ ਨਾਲ (ਸੋਨੇ ਦੇ ਨਾਲ) ਨਹੀਂ ਮਿਲਦੀ। ਕਈ ਸਿੱਖ ਘਰਾਂ ਵਿੱਚ ਮਾਂ ਪਿਉ, ਫੋਟੋ ਸਜਾ ਕੇ ਜਾਂ ਵੈਸੇ ਰੱਖ ਕੇ ਉਹਨਾਂ ਨੂੰ ਸਵੇਰੇ ਧੂਪ, ਅਗਰਬੱਤੀ ਅਤੇ ਫੁੱਲ ਰੱਖ ਕੇ ਮੱਥੇ ਟੇਕਦੇ ਜਾਂ ਨਮਸਕਾਰ ਕਰਦੇ ਹਨ। ਕਈ ਵਾਰੀ ਇਕੋ ਥਾਂ ਤੇ ਗੁਰੂ ਨਾਨਕ ਸਾਹਿਬ ਜੀ ਦੀ ਅਤੇ ਰਾਮ, ਕ੍ਰਿਸ਼ਨ, ਮਾਤਾ ਜਾਂ ਸੰਤਾਂ ਆਦਿ ਦੀ ਫੋਟੋ ਰੱਖ ਕੇ ਇਹ ਸਭ ਕੁਝ ਕੀਤਾ ਜਾਂਦਾ ਹੈ। ਗੁਰਮਤਿ ਵਿੱਚ ਫੋਟੋ ਜਾਂ ਤਸਵੀਰਾਂ ਦੀ ਪੂਜਾ ਨੂੰ ਮਨਮੱਤ ਆਖਿਆ ਗਿਆ ਹੈ ਅਤੇ ਇਸ ਦੀ ਸਖਤ ਮਨਾਹੀ ਹੈ। ਸਿੱਖ ਬੱਚਿਆਂ ਤੇ ਐਸੀ ਪੂਜਾ ਕਰਨ ਦਾ ਬਹੁਤ ਬੁਰਾ ਅਸਰ ਪੈਂਦਾ ਹੈ। ਸਿੱਖੀ ਵਿੱਚ ਸ਼ਬਦ, ਗੁਰੂ ਹੈ। ਐਸੀ ਪੂਜਾ ਕਰਨ ਨਾਲ ਗੁਰਬਾਣੀ ਦਾ ਉਪਦੇਸ਼ ਸਾਡੇ ਮਨਾਂ ਵਿੱਚੋਂ ਉੱਡ ਜਾਂਦਾ ਹੈ ਅਤੇ ਫਿਰ ਸਾਡੇ ਬੱਚੇ ਵੀ ਸਾਰੀ ਉਮਰ ਏਹੋ ਕੁਝ ਕਰਦੇ ਰਹਿੰਦੇ ਹਨ। ਕਈ ਸਿੱਖ ਘਰਾਂ ਵਿਚ ਗੁਰਬਾਣੀ ਦੇ ਗੁੱਟਕੇ ਵੀ ਨਹੀਂ ਮਿਲਦੇ। ਮਾਂ ਪਿਉ ਆਪ ਤਾਂ ਜ਼ੁਬਾਨੀ ਪਾਠ ਕਰ ਲੈਂਦੇ ਹਨ ਪਰ ਬੱਚਿਆਂ ਨੂੰ ਕੋਈ ਅਗਵਾਈ ਨਹੀਂ ਦੇਂਦੇ। ਫਿਰ ਇਨ੍ਹਾਂ ਸਿੱਖ ਬੱਚਿਆਂ ਦੇ ਹਿਰਦੇ ਵਿੱਚ ਗੁਰੂ ਦੀ ਭੈਅ ਭਾਵਣੀ ਕਿਵੇਂ ਵੱਸ ਸਕਦੀ ਹੈ? ਦੂਸਰਾ ਇਹ ਬਹੁਤ ਜਰੂਰੀ ਹੈ ਕਿ ਸਿੱਖ ਮਾਂ ਪਿਉ ਆਪ ਚੌਕੜਾ ਮਾਰਕੇ ਬੈਠਣ ਅਤੇ ਪਾਠ ਕਰਨ। ਐਵੇਂ ਤੁਰਦੇ ਫਿਰਦੇ ਪਾਠ ਕਰਨ ਦਾ ਵੀ ਬੱਚਿਆਂ ਤੇ ਕੋਈ ਅਸਰ ਨਹੀਂ ਪੈਂਦਾ। ਖਾਸ ਕਰਕੇ ਸਿੱਖ ਮਾਵਾਂ ਦਾ ਫਰਜ਼ ਹੈ ਕਿ ਜਦੋਂ ਪਾਠ ਕਰਨ ਬੈਠਣ ਤਾਂ ਛੋਟੇ ਬੱਚਿਆਂ ਨੂੰ ਆਪਣੇ ਕੋਲ ਬਿਠਾ ਕੇ ਪਾਠ ਕਰਨ। ਸਿੱਖੀ ਦਾ ਮਨ ਵਿੱਚ ਵਸਣਾ ਗੁਰੂ ਅਤੇ ਕਰਤੇ ਦੀ ਕਲਾ ਦਾ ਵਰਤਣਾ ਹੈ। ਪਰ ਅਸੀਂ ਲਾਪਰਵਾਹ ਹੋਏ ਰਹਿੰਦੇ ਹਾਂ ਅਤੇ ਸੋਚਦੇ ਹਾਂ ਕਿ ਬੱਚਾ ਵੱਡਾ ਹੋਕੇ ਆਪੇ ਸਿੱਖੀ ਧਾਰ ਲਵੇਗਾ। ਇਹ ਲਾਪਰਵਾਹੀ ਸਾਬਤ ਕਰਦੀ ਹੈ ਕਿ ਮਾਂ ਪਿਉ ਦੇ ਹਿਰਦੇ ਵਿੱਚ ਗੁਰੂ ਦਾ ਕੋਈ ਡਰ ਨਹੀਂ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਕਿ ਹਰ ਸਿੱਖ ਮਾਂ ਪਿਉ ਆਪਣੇ ਬੱਚੇ ਨੂੰ ਸਿੱਖੀ ਵਿਚ ਪਾਲੇ ਪੋਸੇ (ਪੜੋ ਰਹਿਤ ਨਾਮੇਂ - ਪਿਆਰਾ ਸਿੰਘ ਪੱਦਮ) ਅਤੇ ਪੂਰੀ ਨਿਸ਼ਟਾ ਨਾਲ ਬੱਚੇ ਨੂੰ ਸਿੱਖੀ ਵਿਚ ਪਰਵੇਸ਼ ਕਰਵਾਵੇ। ਸਿੱਖੀ ਵਿੱਚ ਇਕ ਹੋਰ ਭੈੜੀ ਪਿਰਤ ਪੈ ਰਹੀ ਹੈ ਕਿ ਡੈਡੀ ਆਪ ਤਾਂ ਕੇਵਲ ਪੱਗ ਬੰਨਦੇ ਹਨ (ਦਾੜੀ ਕੱਟੀ ਹੋਈ) ਪਰ ਆਪਣੇ ਛੋਟੇ ਬੱਚਿਆਂ ਦੇ ਬੜੇ ਸੋਹਣੇ ਕੇਸ ਰੱਖ ਕੇ ਸਿਰਾਂ ਤੇ ਜੂੜੇ ਕਰਦੇ ਅਤੇ ਪੱਟਕੇ ਬੰਨਦੇ ਹਨ। ਇਸ ਦਾ ਅਸਰ ਇਹ ਹੁੰਦਾ ਹੈ ਕਿ ਜਦੋਂ ਬੱਚਾ 6-8 ਸਾਲ ਦਾ ਹੋ ਜਾਂਦਾ ਹੈ ਤਾਂ ਉਹ ਇਹ ਸਭ ਕੁਝ ਵੇਖ ਕੇ ਹੈਰਾਨ ਹੁੰਦਾ ਹੈ ਅਤੇ ਫਿਰ ਉਸ ਸੋਹਣੇ ਜਿਹੇ ਸਿੱਖ ਬੱਚੇ ਦੇ ਇਕ ਦਿਨ ਕੇਸ ਕਤਲ ਕਰ ਦਿੱਤੇ ਜਾਂਦੇ ਹਨ। ਕਈ ਵਾਰੀਂ ਐਸੇ ਬੱਚਿਆਂ ਨੂੰ ਦੇਖ ਕੇ ਮਨ ਬਹੁਤ ਦੁਖੀ ਹੋਇਆ ਹੈ। ਅਤੇ ਫਿਰ ਇਹ ਮਾਪੇ ਆਖਦੇ ਹਨ ਕਿ ਦੇਖੋ ਜੀ ਸਕੂਲ ਵਿੱਚ ਬੱਚੇ ਨੂੰ ਛੇਡਦੇ ਸੀ ਇਸ ਕਰਕੇ ਐਸਾ ਕਰਨਾ ਪਿਆ ਹੈ। ਪਰ ਅਸਲ ਵਿਚ ਇਸ ਸਭ ਦੇ ਉਹ ਆਪ ਜਿੰਮੇਵਾਰ ਹਨ। ਦਾਸ ਇਕ ਐਸੇ ਪ੍ਰਵਾਰ ਨੂੰ ਵੀ ਜਾਣਦਾ ਹੈ ਜਿਸ ਵਿੱਚ ਮਾਂ ਨੇ ਆਖਿਆ ਕਿ ਬੱਚਿਆਂ ਦੇ ਸਿਰ ਵਾਹੁਣ ਨੂੰ ਬਹੁੱਤ ਸਮਾਂ ਲੱਗਦਾ ਹੈ ਅਤੇ ਇਹ ਰੋਂਦੇ ਵੀ ਹਨ ਇਸ ਕਰਕੇ ਇਨ੍ਹਾਂ ਦੇ ਕੇਸ ਕੱਟਵਾ ਦਿੱਤੇ ਹਨ। ਤੁਸੀਂ ਦਸੋ ਕੀ ਐਸੇ ਸਿੱਖ ਘਰਾਂ ਵਿਚ ਗੁਰੂ ਦੇ ਡਰ ਦਾ ਵਾਸਾ ਹੈ? ਦਾਸ ਇਕ ਹੋਰ ਐਸੇ ਪ੍ਰਵਾਰ ਨੂੰ ਜਾਣਦਾ ਹੈ, ਜਿਸ ਨੂੰ ਪਤਾ ਲੱਗ ਗਿਆ ਕਿ ਸਾਡੇ ਲੜਕਾ ਹੋਵੇਗਾ ਅਤੇ ਉਹਨਾਂ ਸੋਚ ਲਿਆ ਕਿ ਅਸੀਂ ਬੱਚੇ ਦੇ ਕੇਸ ਨਹੀਂ ਰੱਖਣੇ। ਇਸ ਸਭ ਤੋਂ ਤੁਸੀਂ ਸੋਚ ਸਕਦੇ ਹੋ ਕਿ ਸਾਡੇ ਵਿੱਚੋਂ ਗੁਰੂ ਦਾ ਡਰ ਕਿਸਤਰਾਂ ਖਤਮ ਹੋ ਚੁੱਕਾ ਹੈ। ਵਾਹਿਗੁਰੂ ਜੀ ਆਪਣੇ ਪੰਥ ਦੀ ਆਪ ਰੱਖਿਆ ਕਰਨ ਪਰ ਅਸੀਂ ਪੁੱਜ ਕੇ ਮਨਮੁੱਖ ਹੁੰਦੇ ਜਾ ਰਹੇ ਹਾਂ। ਦਾਸ ਭਾਈ ਸਾਹਿਬ ਗੁਰਇਕਬਾਲ ਸਿੰਘ ਜੀ (ਮਾਤਾ ਕੌਲਾਂ) ਵਲੋਂ ਕਿਤੇ ਜਾ ਰਹੇ ਉਪਰਾਲੇ ਦੀ ਤਹ ਦਿਲੋਂ ਸਲਾਹਨਾ ਕਰਦਾ ਹੈ। ਉਹਨਾਂ ਵਲੋਂ ਛੋਟੇ ਅਤੇ ਵੱਡੇ ਬੱਚਿਆਂ ਨੂੰ ਗੁਰਬਾਣੀ ਯਾਦ ਕਰਨ ਵਾਸਤੇ ਪ੍ਰੇਰਿਤ ਕਰਨ ਦਾ ਕਾਗਜ਼ ਸਿੱਖ ਕੌਮ ਨੂੰ ਇਕ ਨਵੀਂ ਸੋਚ ਦੇ ਸਕਦਾ ਹੈ। ਛੋਟੇ ਬੱਚਿਆਂ ਨੂੰ ਜੋ ਮਾਵਾਂ, ਗੁਰਬਾਣੀ ਦੇ ਰੁਝਾਣ ਵੱਲ ਧਿਆਨ ਦਿਵਾਉਣਗੀਆਂ, ਉਹਨਾਂ ਨੂੰ ਦਿਤੇ ਗਏ ਸਰਟੀਫਕੇਟ ਅਤੇ ਇਨਾਮ ਆਦਿ ਇਸ ਕਾਰਜ ਦੀ ਸਫਲਤਾ ਲਈ ਠੀਕ ਢੰਗ ਹੈ। ਮਨੁੱਖ ਦੀ ਇਹ ਕਮਜ਼ੋਰੀ ਹੈ ਕਿ ਉਹ ਕੁਝ ਮਿਲਣ ਦੀ ਆਸ ਨਾਲ ਪ੍ਰੇਰਤ ਹੋਣ ਤੇ ਮੰਨ ਲਾਕੇ ਕੰਮ ਕਰਦਾ ਹੈ। ਸਿੱਖ ਬੱਚਿਆਂ ਨੂੰ ਕੀਮਤੀ ਇਨਾਮ ਦੇਣ ਨਾਲ ਜਿਆਦਾ ਬੱਚੇ ਇਨ੍ਹਾਂ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ ਅਤੇ ਕਈ ਲੋੜਵੰਦ ਪ੍ਰਵਾਰ ਇਸਦਾ ਲਾਹਾ ਲੈਣ ਲਈ ਅੱਗੇ ਆਉਣਗੇ। ਸਤਿਗੁਰੂ ਭਾਈ ਸਾਹਿਬ ਅਤੇ ਹੋਰ ਸਬੰਧਿਤ ਗੁਰਸਿੱਖਾਂ ਨੂੰ ਇਸ ਕਾਰਜ ਵਿੱਚ ਅਗ ਸੰਗ ਹੋਕੇ ਸਹਾਇਤਾ ਕਰਨ ਅਤੇ ਅਪਣੀ ਰਹਿਮਤ ਨਾਲ ਨਿਵਾਜਣ। ਅਸੀਂ ਭਾਵੇਂ ਜਿਥੇ ਵੀ ਰਹਿੰਦੇ ਹੋਈਏ, ਸਾਨੂੰ ਐਸੇ ਕੱਦਮ ਚੁੱਕਣੇ ਚਾਹੀਦੇ ਹਨ ਜਿਸ ਨਾਲ ਸਾਡੇ ਬੱਚਿਆਂ ਨੂੰ ਗੁਰਬਾਣੀ ਨਾਲ ਪਿਆਰ ਅਤੇ ਇਸ ਦੀ ਸੋਝੀ ਪ੍ਰਾਪਤ ਹੋਵੇ। ਇਕ ਹੋਰ ਵਿਚਾਰ ਕਿਸੇ ਗੁਰਮੁੱਖ ਜੀਆਂ ਵਲੋਂ ਸਾਹਮਣੇ ਆਇਆ ਹੈ ਅਤੇ ਉਹਨਾਂ ਦਾ ਕਹਿਣਾ ਵੀ ਠੀਕ ਹੈ। ਕਈ ਵਾਰੀ ਮਾਂ ਪਿਉ ਗੁਰੂ ਪਿਆਰ ਵਾਲੇ ਹੁੰਦੇ ਹਨ ਅਤੇ ਉਹਹਰ ਸੰਭਵ ਕੋਸ਼ਿਸ਼ ਵੀ ਕਰਦੇ ਹਨ ਕਿ ਉਹਨਾਂ ਦੇ ਬੱਚੇ ਸਿੱਖੀ ਸੰਗਤਿ ਵਿਚ ਵੱਡੇ ਹੋਣ। ਉਹਨਾਂ ਦੀ ਇਹ ਮੇਹਨਤ ਅਤੇ ਜਿੰਮੇਵਾਰੀ ਰੰਗ ਵੀ ਲਿਆਉਂਦੀ ਹੈ। ਪਰ ਜਿਉਂ ਹੀ ਬੱਚੇ ਵੱਡੇ ਹੋਕੇ ਖੁੱਲੇ ਵਾਤਾਵਰਣ ਵਿੱਚ ਵਿਚਰਦੇ ਹਨ ਤਾਂ ਕਈ ਵਾਰੀ, ਉਹਨਾਂ ਦੇ ਜੀਵਨ ਪ੍ਰਵਰਤਨ ਆ ਜਾਂਦਾ ਹੈ। ਜਾਂ ਜਦੋਂ ਉਹ ਮਾਂ ਪਿਉ ਤੋਂ ਅਲੱਗ ਰਹਿੰਦੇ ਹਨ ਤਾਂ ਐਸਾ ਆਲਾ ਦੁਆਲਾ ਉਹਨਾਂ ਨੂੰ ਮਿਲਦਾ ਹੈ ਕਿ ਉਹ ਵੀ ਜੀਵਨ ਢੰਗ ਬਦਲ ਲੈਂਦੇ ਹਨ। ਮਾਂ ਪਿਉ ਦਾ ਇਸ ਵਿੱਚ ਕੋਈ ਦੋਸ਼ ਨਹੀਂ ਹੁੰਦਾ। ਆਮ ਕਰਕੇ ਅਸੀਂ ਇਸ ਨੂੰ ਪੂਰਬਲੇ ਕਰਮਾਂ ਦਾ ਵਰਤਾਰਾ ਹੀ ਸਮਝ ਸਕਦੇ ਹਾਂ। ਦਾਸ ਇਸ ਸਬੰਧ ਵਿੱਚ ਇਕੋ ਬੇਨਤੀ ਕਰ ਸਕਦਾ ਹੈ ਕਿ ਜੇਕਰ ਸਾਨੂੰ (ਮਾਪਿਆਂ ਨੂੰ) ਸਿੱਖੀ ਪਿਆਰੀ ਹੈ ਤਾਂ ਸਾਡਾ ਫਰਜ਼ ਬੰਨਦਾ ਹੈ ਕਿ ਜਦੋਂ ਵੀ ਠੀਕ ਮੌਕਾ ਦੇਖੀਏ ਆਪਣੇ ਬੱਚੇ ਨੂੰ ਜਰੂਰ ਸਮਝਾਈਏ ਅਤੇ ਗੁਰੂ ਤੇ ਭਰੋਸਾ ਰਖੀਏ ਤਾਂ ਹੀ ਇਹ ਮੁੰਮਕਿਨ ਹੈ ਕਿ ਕੁਰਾਹੇ ਪਏ ਬੱਚੇ ਫਿਰ ਗੁਰ ਸਿੱਖੀ ਦੇ ਮਾਰਗ ਤੇ ਤੁਰ ਪੈਣ। ਤੁਸੀਂ ਇਹ ਜਰੂਰ ਕਰੋ ਕਿ ਬੱਚੇ ਕੋਲ ਉਸ ਸਮੇਂ ਜਾਵੇ ਜਦੋਂ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਕਰਨ ਦਾ ਸਮਾਂ ਹੋਵੇ ਤਾਕਿ ਤੁਸੀਂ ਉਹਨਾਂ ਨਾਲ ਇੱਕਠੇ ਬੈਠ ਕੇ ਪਾਠ ਕਰ ਸਕੋ। ਜੇਕਰ ਹੋ ਸਕੇ ਤਾਂ ਉਹਨਾਂ ਕੋਲ ਛੁੱਟੀਆਂ ਵਿੱਚ ਦੋ ਚਾਰ ਦਿਨ ਰਹਿਣ ਲਈ ਚਲੇ ਜਾਵੋ ਅਤੇ ਨੇਮ ਨਾਲ ਉਹਨਾਂ ਨੂੰ ਆਪਣੇ ਕੋਲ ਬਿਠਾ ਕੇ ਪਾਠ ਕਰਨ ਲਈ ਪ੍ਰੇਰੋ। ਹੋ ਸਕੇ ਤਾਂ ਕੋਈ ਗੁਰਬਾਣੀ ਸ਼ਬਦ ਬੱਚਿਆਂ ਨੂੰ ਭਾਵੇਂ ਦਿਨ ਵਿੱਚ ਪੰਜ ਵਾਰੀ ਜਪਣ ਲਈ, ਉਹਨਾਂ ਕੋਲੋਂ ਪ੍ਰਣ ਲੈ ਲਵੋਂ ਅਤੇ ਫਿਰ ਵੇਲੇ ਕੁਵੇਲੇ ਇਸ ਜਾਪ ਬਾਰੇ ਪੁੱਛਦੇ ਵੀ ਰਵੋ। ਜੇਕਰ ਸਤਿਗੁਰੂ ਜੀ ਦਾ ਓਟ ਆਸਰਾ ਦ੍ਰਿੜ ਹੈ ਅਤੇ ਬੇਨਤੀ ਵੀ ਕਰਦੇ ਹੋ ਤਾਂ ਤੁਹਾਡੀ ਕੋਸ਼ਿਸ਼-ਮੇਹਨਤ ਜਰੂਰ ਸਫਲ ਹੋਵੇਗੀ। ਅਤੇ ਆਪਦੇ ਬੱਚੇ ਫਿਰ ਠੀਕ ਰਾਹ ਤੇ ਤੁਰ ਪੈਣਗੇ। ਕਈ ਵਾਰੀ ਜਿਆਦਾ ਸਮਾਂ ਵੀ ਲਗ ਸਕਦਾ ਹੈ ਪਰ ਗੁਰੂ ਦੀ ਓਟ ਨਾ ਛੱਡੋ। ਗੁਰੂ ਸਭ ਕੁਝ ਕਰਨ ਦੇ ਸਮਰਥ ਹਨ। ਇਸੇ ਵਿਚਾਰ ਲਿਖਦੇ ਹੋਏ ਦਾਸ ਨੂੰ ਇਕਾ ਐਸੇ ਪ੍ਰਵਾਰ ਦੀ ਯਾਦ ਆਈ ਹੈ ਜਿਸ ਵਿੱਚ ਖਾਸ ਕਰਕੇ ਬੱਚਿਆਂ ਦੇ ਮਾਤਾ ਜੀ, ਜਦੋਂ ਉਹਨਾਂ ਦੇ ਇਮਤਿਹਾਨਾਂ ਦੇ ਦਿਨ ਹੁੰਦੇ ਸੀ ਤਾਂ ਉਹਨਾਂ ਨੂੰ ਘਰੋਜ ਤੋਰ ਕੇ ਫਿਰ ਧੀਰਜ਼ ਨਾਲ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਸਨ ਤਾਕਿ ਗੁਰੂ ਜੀ ਬੱਚਿਆਂ ਦੇ ਅੰਗ ਸੰਗ ਹੋਣ ਅਤੇ ਸਫਲਤਾ ਬਖਸ਼ਣ। ਅੱਜ ਉਹਨਾਂ ਦੇ ਬੱਚੇ ਸਿੱਖੀ ਪਿਆਰ ਵਾਲੇ ਹਨ। ਅਸੀਂ ਇਹ ਜੀਵਨ ਜਾਚ ਛੱਡ ਦਿੱਤੀ ਹੈ ਜਿਸਦਾ ਮੂੰਹ ਬੋਲਣਾ ਰੂਪ ਸਾਡੇ ਬੱਚਿਆਂ ਵਿੱਚ ਦੇਖਿਆ ਜਾ ਸਕਦਾ ਹੈ। ਸਾਡਾ ਆਲਾ ਦੁਆਲਾ ਹਿੰਦੁਸਤਾਨ ਅਤੇ ਪ੍ਰਦੇਸ਼ਾਂ ਵਿੱਚ, ਸਿੱਖ ਬਹੁ ਗਿਣਤੀ ਦੇ ਗੁਲਾਮ ਹੋ ਚੁੱਕੇ ਹਨ। ਖਾਸ ਕਰਕੇ ਭਾਰਤ ਵਿੱਚ ਤਾਂ ਇਕ ਸੋਚੀ ਸੱਮਝੀ ਸੋਚ ਦੇ ਥੱਲੇ ਸਿੱਖਾਂ ਨੂੰ ਹਿੰਦੂ ਆਖਿਆ ਜਾਂਦਾ ਹੈ ਅਤੇ ਅੱਜ ਦਾ ਮੌਡਰਨ ਸਿੱਖ ਦੇਖਾ ਦੇਖੀ ਹਰ ਉਹ ਕੰਮ ਕਰਦਾ ਹੈ, ਜੋ ਉਸਦਾ ਗਵਾਂਡੀ ਹਿੰਦੂ ਕਰ ਰਿਹਾ ਹੈ। ਉਹ ਵੀ ਕੰਜਕਾਂ ਪੂਜਦਾ ਹੈ, ਜਗਰਾਤੇ ਤੇ ਹਾਜ਼ਰੀ ਦੇ ਆਉਂਦਾ ਹੈ, ਕਰਵਾਚੌਥ ਰੱਖਿਆ ਜਾਂਦਾ ਹੈ, ਰੱਖੜੀ ਦੇ ਧਾਗੇ ਬੰਨਦਾ ਹੈ। ਅੱਜ ਦੇ ਮੌਡਰਣ ਸਿੱਖ ਵਿਚ ਐਸਾ ਕੋਈ ਅਵਗੁਣ ਘੱਟ ਨਹੀਂ ਜੋ ਬਹੁ ਗਿਣਤੀ ਹਿੰਦੂ ਨਹੀਂ ਕਰਦਾ। ਉਹ ਚੋਰੀ, ਜ਼ਾਰੀ, ਰਿਸ਼ਵਤ ਖੋਰੀ, ਧੋਖਾ ਧੜੀ, ਹੇਰਾ ਫੇਰੀ, ਮਾਰ ਕੁਟਾਈ, ਧੋਖੇਬਾਜ਼ੀ, ਸਰਕਾਰੀ ਕੁਰਸੀਆਂ ਤੇ ਬੈਠਿਆਂ ਦੀ ਚਾਪਲੂਸੀ, ਕੁਰਸੀਆਂ ਪਾਉਣ ਲਈ ਸਾਰੇ ਹੱਥ ਕੰਡੇ, ਅਤੇ ਇਸ ਤੋਂ ਉਪਰ ਉਹ ਸ਼ਰਾਬੀ ਤਾਂ ਪੁਜ ਕੇ ਹੋ ਗਿਆ ਹੈ। ਇਸ ਚੱਕਰਵਿਊ ਤੋਂ ਬਾਹਰ ਨਿਕਲਣਾਂ ਅਸੰਭਵ ਲਗਦਾ ਹੈ। ਸਿੱਖੀ ਨੂੰ ਹੋਰ ਵਧੇਰੇ ਢਾਹ ਲਾਉਣ ਲਈ ਰਾਸ਼ਟਰੀ ਸਿੱਖ ਸੰਗਤਿ ਅਤੇ ਕਈ ਹੋਰ ਸਿੱਖੀ ਵਿਰੋਧੀ ਸੰਸਥਾਵਾਂ ਕੰਮ ਕਰ ਰਹੀਆਂ ਹਨ। ਅੱਜ ਦਾ ਮੀਡੀਆ ਅਤੇ ਟੀ.ਵੀ. - ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡ ਰਿਹਾ ਕਿ ਸਿੱਖਾਂ ਪਤਿਤਪੁਣੇ ਦੀ ਤਸਵੀਰ ਨੂੰ ਵੱਧਾ ਚੜ੍ਹਾ ਕੇ ਨਾ ਦਿਖਾਵੇ। ਐਸੀ ਕੋਈ ਪਿਕਚਰ ਨਹੀਂ ਬੰਨ ਰਹੀ ਜਿਸ ਵਿੱਚ ਪਿਉ ਜਾਂ ਦਾਦਾ ਅੰਮ੍ਰਿਤਧਾਰੀ ਸਿੱਖ ਨਾ ਦਿਖਾਇਆ ਜਾਵੇ ਪਰ ਉਸਦੇ ਪੁੱਤਰ ਅਤੇ ਪ੍ਰਵਾਰ ਕੇਸਾਂ ਨੂੰ ਕਟਵਾਕੇ ਬਣੇ ਮਾਣ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਟੋਰ ਨਾਲ ਫਿਰਦੇ ਦਿਖਾਏ ਜਾਂਦੇ ਹਨ। ਇਕ ਬੱਚੇ ਨੇ ਦੱਸਿਆ ਹੈ ਕਿ ਪਿਚਰਾਂ ਵਿੱਚ ‘‘ਆਈਟਮ ਗਰਲਜ਼’’ ਦੇ ਗਾਣਿਆਂ ਨੇ ਸਿੱਖ ਨੌਜੁਆਨ ਮੁੰਡੇ ਅਤੇ ਕੁੜੀਆਂ ਨੂੰ ਕੁਰਾਹੇ ਪਾਉਣ ਵਿੱਚ ਵੱਡਾ ਰੋਲ ਅਦਾ ਕੀਤਾ ਹੈ। ਉਹ ਇਨ੍ਹਾਂ ਆਈਟਮ ਗਰਲਜ਼ ਦੇ ਡੀ ਵੀ ਡੀ ਆਮ ਕਰਕੇ ਦੇਖਦੇ ਹਨ। ਪੰਜਾਬੀ ਗੀਤ ਗਾਉਣ ਵਾਲਾ ਹਰ ਗਾਇਕ, ਮੁੰਡਾ ਅਤੇ ਕੁੜੀ ਮੋਨਾ ਅਤੇ ਭਰਵੱਟੇ ਸਵਾਰਨ ਵਾਲਾ ਹੀ ਹੈ (ਭਾਵੇਂ ਉਹਨਾਂ ਦੇ ਅਸਲੀ ਨਾਮ ਸਿੱਖ ਹੁੰਦੇ ਹਨ) ਹਾਲਤ ਇਥੋਂ ਤਕ ਨਿੱਘਰ ਗਏ ਹਨ ਕਿ ਉਹ ਲੱਚਰ ਗੀਤਾ ਦੇ ਨਾਲ-ਨਾਲ ਗੁਰਬਾਣੀ ਸ਼ਬਦ ਵੀ ਗਾਉਂਦੇ ਹੋਏ ਦੇਖੇ ਜਾ ਸਕਦੇ ਹਨ। ਇਸ ਸਭ ਦਾ ਅਸਰ ਸਾਡੇ ਬੱਚਿਆਂ ਤੇ ਹੋ ਰਿਹਾ ਹੈ। ਅੱਜ ਸਿੱਖੀ ਤੋਂ ਜੋ ਪਿੰਡਾਂ ਦੇ ਪਿੰਡ ਗਰਕ ਹੋ ਰਹੇ ਹਨ, ਇਹ ਇਕਦੋ ਸਾਲ ਵਿੱਚ ਨਹੀਂ ਵਾਪਰਿਆ ਸਗੋਂ ਸਾਡੇ ਮਾਂ ਪਿਉ, ਸਾਡੇ ਆਲੇ-ਦੁਆਲੇ, ਟੀ.ਵੀ. ਅਤੇ ਮੀਡੀਆ ਦਾ ਕਈ ਸਾਲਾਂ ਦਾ ਪ੍ਰਭਾਵ ਮੂਹੋਂ ਬੋਲ ਰਿਹਾ ਹੈ। ਅੱਜ ਦੇ ਟੀ ਵੀ ਨੇ ਤਾਂ ਬੱਚਿਆਂ ਨੂੰ ਕੁਰਾਹੇ ਪਾਉਣ ਦੀ ਕੋਈ ਕਸਰ ਨਹੀਂ ਛੱਡੀ ਹੋਈ। ਪਹਰਾਵਾ ਅਤੇ ਕੱਪੜੇ ਨੰਗੇਜ਼ ਨੂੰ ਹੀ ਢੱਕਦੇ ਹਨ ਪਰ ਬਾਕੀ ਕੋਈ ਕਸਰ ਨਹੀਂ ਛੱਡਦੇ। ਪਿਕਚਰਾਂ ਦੇ ਵਿੱਚ ਸੈਕਸ ਨੂੰ ਅਧਾਰ ਬਣਾਇਆ ਜਾਂਦਾ ਹੈ। ਨਿਰਲੱਜਤਾ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਕਈ ਸੀਰੀਅਲ ਐਸੇ ਹਨ ਕਿ ਜੋੜਿਆਂ ਦੇ ਡਾਈਵੋਰਸ ਅਤੇ ਬੱਚਿਆਂ ਦੀਆਂ ਕਈ ਤਰ੍ਹਾਂ ਦੀਆਂ ਹੇਰਾ-ਫੇਰੀਆਂ ਦਿਖਾਉਂਦੇ ਹਨ। ਅੱਜ ਕਿਸੇ ਅਮੀਰ ਮਾਂ-ਪਿਉ ਦੀ ਲੜਕੀ ਜਾਂ ਲੜਕਾ (ਦੋਨੋਂ) ਆਪਣੇ ਆਪ ਨੂੰ ਪਿਕਚਰ ਵਿੱਚ ਦਿਖਾਈ ਗਈ ਹੀਰੋਇਨ ਜਾਂ ਹੀਰੋ ਤੋਂ ਘੱਟ ਨਹੀਂ ਸਮਝਦੇ ਅਤੇ ਹਰ ਤਰ੍ਹਾਂ ਦੀ ਨਕਲ ਕਰਨ ਵਿੱਚ ਪਿੱਛੇ ਨਹੀਂ ਰਹਿਣਾ ਚਾਹੁੰਦੇ। ਉਹ ਭੁੱਲ ਜਾਂਦੇ ਹਨ ਕਿ ਇਹ ਸਭ ਕਲਪਨਾ ’ਤੇ ਅਧਾਰਿਤ ਪਿਕਚਰਾਂ ਵਿੱਚ ਤਾਂ ਠੀਕ ਹੋ ਸਕਦਾ ਹੈ ਪਰ ਜੀਵਨ ਦੀ ਅਸਲੀਅਤ ਕੁਝ ਹੋਰ ਹੈ। ਇਸ ਸਭ ਦਾ ਸਿੱਖ ਬੱਚਿਆਂ ਉੱਤੇ ਬੁਰਾ ਅਸਰ ਪੈ ਰਿਹਾ ਹੈ। ਅਸੀਂ ਇਹ ਅਸਰ ਉਹਨਾਂ ਦੇ ਮੌਡਰਨ ਬੰਣਨ ਦੀ ਦੌੜ ਤੋਂ ਦੇਖ ਸਕਦੇ ਹਾਂ। ਜਿੱਥੇ ਅੱਜ ਦੇ ਗਾਇਕ (ਜਿਨ੍ਹਾਂ ਦੇ ਮੂੰਹ ਅਤੇ ਸਿਰ ਸਫਾ ਚੱਟ ਹੁੰਦੇ ਹਨ) ਸ਼ਰਾਬ ਅਤੇ ਜੱਟਾਂ (ਸਿੱਖੀ ਵਿਚ ਜਾਤ ਪਾਤ ਦੇ ਪ੍ਰਗਟਾਵੇ ਲਈ ਕੋਈ ਥਾਂ ਨਹੀਂ) ਦੀ ਵਡਿਆਈ ਦੇ ਗੀਤ ਗਾਅ-ਗਾਅ ਕੇ ਸਿੱਖੀ ਦਾ ਘਾਣ ਕਰ ਰਹੇ ਹਨ, ਉੱਥੇ ਅਸੀਂ ਘਰਾਂ ਵਿੱਚ ਐਸੇ ਸੀ ਡੀ ਅਤੇ ਡੀ ਵੀ ਡੀ ਲਿਆ ਕੇ ਬੱਚਿਆਂ ਨੂੰ ਦੇਣ ਵਾਲੇ ਹੀ ਉਤਨੇ ਹੀ ਜਿੰਮੇਵਾਰ ਹਾਂ। ਜੇਕਰ ਆਮ ਸਿੱਖ ਰੋਮਾਂ ਦੀ ਦੁਰਗਤੀ ਨਾ ਕਰੇ ਤਾਂ ਕੋਈ ਪਿਕਚਰ ਵਾਲਾ ਕਿਸੇ ਸਿੱਖ ਦਾ ਵਿਗੜਿਆ ਰੂਪ ਦਿਖਾਉਣ ਦਾ ਹੀਆ ਨਹੀਂ ਕਰ ਸਕਦਾ ਅਤੇ ਨਾ ਹੀ ਇਹ ਗੀਤਕਾਰ ਸਫਲ ਹੋਣ। ਜੇਕਰ ਹਰ ਸਿੱਖ ਮਾਂ ਪਿਉ ਨੇ ਆਪਣਾ ਫਰਜ਼ ਨਾ ਪਹਿਚਾਣਿਆਂ ਤਾਂ ਆਉਣ ਵਾਲੀਆਂ ਸਿੱਖ ਨਸਲਾਂ ਦੇ ਚਿਹਰੇ ਮੋਹਰੇ ਕੈਸੇ ਹੋਣਗੇ ਇਸ ਸਪਸ਼ਟ ਦਿਖਾਈ ਦੇ ਰਿਹਾ ਹੈ। ਸਿੱਖੋ! ਜਾਗੋ ਨਹੀਂ ਤਾਂ ਇਤਿਹਾਸ ਤੁਹਾਨੂੰ ਕਦੀ ਮਾਫ ਨਹੀਂ ਕਰੇਗਾ। ਇਕ ਗੱਲ ਸਦਾ ਯਾਦ ਰੱਖਣ ਵਾਲੀ ਹੈ ਕਿ ਜੇਕਰ ਇਕ ਇਕ ਬੂੰਦ ਨਾਲ ਘੜਾ ਭਰ ਸਕਦਾ ਹੈ ਤਾਂ ਇਕ ਇਕ ਬੂੰਦ ਨਾਲ ਖਾਲੀ ਵੀ ਹੋ ਸਕਦਾ ਹੈ। ਪਿਆਰਿਓ ! ਜਿਸ ਗੁਰੂ ਦੇ ਸਿੱਖ ਅਖਵਾਉਣ ਵਿੱਚ ਮਾਣ ਸਮਝਦੇ ਹੋ, ਉਸਦਾ ਡਰ ਵੀ ਮਨ ਵਿੱਚ ਵਸਾਵੋ। ਹਰ ਸਿੱਖ, ਸਿੱਖੀ ਦਾ ਅਮੁੱਲਾ ਅੰਗ ਹੈ ਅਤੇ ਉਹ ਆਉਣ ਵਾਲੇ ਸਮੇਂ ਵਿੱਚ ਦਿਸਣ ਵਾਲੀ ਸਿੱਖ ਦਿੱਖ ਲਈ ਜਿੰਮੇਵਾਰ ਹੈ। ਇਸ ਕਰਕੇ ਹਰ ਸਿੱਖ ਮਾਂ ਪਿਉ ਇਸ ਦੁਖਦਾਈ ਹਾਲਤ ਦੀ ਜਿੰਮੇਵਾਰ ਨੂੰ ਸਮਝੇ ਅਤੇ ਇਸਨੂੰ ਸੁਧਾਰਨ ਵਿਚ ਹਿੱਸਾ ਪਾਉਣ ਲਈ ਜਰੂਰੀ ਕੱਦਮ ਚੁੱਕੇ। ਸਿੱਖ ਧਰਮ ਦੀ ਅੱਜ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਅੱਜ ਦੇ ਮਾਂ ਪਿਉ ਅਤੇ ਕਲ ਨੂੰ ਬਣਨ ਵਾਲੇ ਮਾਂ-ਪਿਉ ਦੀ ਸੋਚ ਵਿਚ ਗੁਰੂ ਸਾਹਿਬ ਦੀ ਭੈਅ ਭਾਵਣੀ ਕਿਵੇਂ ਉਤਾਰੀ ਜਾਵੇ ਤਾਕਿ ਉਹ ਸਿੱਖੀ ਜੀਵਨ ਮਰਿਯਾਦਾ ਨੂੰ ਪ੍ਰਵਾਣ ਕਰ ਲੈਣ। ਸਿੱਖ ਧਰਮ ਦਾ ਇਹ ਅਸੂਲ ਸਭ ’ਤੇ ਲਾਗੂ ਹੁੰਦਾ ਰਹੇਗਾ। ਇਸੇ ਕਰਕੇ ਇਹ ਹਰ ਸਮੇਂ ਪੜ੍ਹਿਆ ਜਾਂਦਾ ਹੈ। ਜੇਕਰ ਇਹੀ ਸਾਡੇ ਮਨ ਵਿਚ ਟਿਕ ਜਾਵੇ ਤਾਂ ਅਸੀਂ ਰੱਬ ਜਾਂ ਗੁਰੂ ਦਾ ਡਰ ਵਿਸਾਰ ਨਹੀਂ ਸਕਦੇ। ਅਸਲ ਵਿੱਚ ਸਾਡਾ ਸੁਭਾ ਬਣ ਗਿਆ ਹੈ ਕਿ ਮੂੰਹ ਨਾਲ ਪੜ੍ਹ ਲਿਆ ਅਤੇ ਸੋਚਿਆ ਕਿ ਸਭ ਕੁਝ ਠੀਕ ਹੈ। |